ਜੀਵਨ ਕ੍ਰਾਂਤੀ
ਮਾਨਸਾ ,23 ਅਪ੍ਰੈਲ:-ਪੰਜਾਬ ਦੇ ਨਵੇਂ ਸਿੱਖਿਆ ਮੰਤਰੀ ਸ੍ਰ. ਗੁਰਮੀਤ ਸਿੰਘ ਮੀਤ ਹੇਅਰ ਖਿਲਾਫ ਵੀ ਬੇਰੁਜ਼ਗਾਰ ਅਧਿਆਪਕਾਂ ਨੇ ਸੰਘਰਸ਼ ਵਿੱਢ ਦਿੱਤਾ ਹੈ।
ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਪਹਿਲਾਂ ਜਾਰੀ ਅਸਾਮੀਆਂ ਦੇ ਇਸ਼ਤਿਹਾਰ ਵਿੱਚ ਵਾਧਾ ਕਰਵਾਉਣ ਅਤੇ ਖਾਸ਼ ਕਰਕੇ ਪੰਜਾਬੀ, ਸਮਾਜਿਕ ਸਿੱਖਿਆ, ਹਿੰਦੀ ਵਿਸ਼ਿਆਂ ਦੀਆਂ 9000 ਪੋਸਟਾਂ ਕਰਵਾਉਣ ਸਮੇਤ ਅਨੇਕਾਂ ਮੰਗਾਂ ਨੂੰ ਲੈਕੇ ਮਜਦੂਰ ਦਿਵਸ ਮੌਕੇ 1 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ।
ਇਸੇ ਤਹਿਤ ਹੀ ਸਥਾਨਕ ਬਾਲ ਭਵਨ ਵਿਖੇ ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਯੂਨੀਅਨ ਬਲਾਕ ਆਗੂ ਸੰਦੀਪ ਸਿੰਘ ਮੋਫ਼ਰ ਦੀ ਅਗਵਾਈ ਵਿੱਚ ਹੋਈ।
ਬੇਰੁਜ਼ਗਾਰਾਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਪੰਜ ਸਾਲ ਬੇਰੁਜ਼ਗਾਰ ਅਧਿਆਪਕਾਂ ਨੂੰ ਸੜਕਾਂ ਉੱਤੇ ਰੋਲਣ ਸਮੇਤ ਅਤਿਆਚਾਰ ਕੀਤਾ ਹੈ।ਉਸ ਮੌਕੇ ਬੇਰੁਜ਼ਗਾਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੱਦਾ ਦੇਣ ਵਾਲੇ ਸ੍ਰ. ਗੁਰਮੀਤ ਸਿੰਘ ਮੀਤ ਹੇਅਰ ਸਿੱਖਿਆ ਮੰਤਰੀ ਅਤੇ ਸ੍ਰ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੀ ਹੁਣ ਪਿਛਲੀਆਂ ਸਰਕਾਰਾਂ ਦੇ ਨਕਸ਼ੇ ਕਦਮ ਉੱਤੇ ਚੱਲ ਪਏ ਹਨ।ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਬੇਰੁਜ਼ਗਾਰਾਂ ਨੂੰ ਮਿਲਣਾ ਵੀ ਵਾਜਬ ਨਹੀਂ ਸਮਝ ਰਹੇ।ਅਨੇਕਾਂ ਵਾਰ ਬੇਰੁਜ਼ਗਾਰ ਖੱਜਲ ਖ਼ੁਆਰੀਆਂ ਝੱਲ ਕੇ ਹੰਭ ਚੁੱਕੇ ਹਨ।
ਬੇਰੁਜ਼ਗਾਰਾਂ ਨੇ ਕਿਹਾ ਕਿ ਮਾਸਟਰ ਕੇਡਰ ਦੀਆਂ 4161 ਅਸਾਮੀਆਂ ਦੇ ਪਿਛਲੇ ਜਾਰੀ ਇਸਤਿਹਾਰ ਵਿਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਘੱਟੋ ਘੱਟ 3000 ਅਸਾਮੀਆਂ ਪ੍ਰਤੀ ਵਿਸ਼ਾ ਕਰਨ ਦੀ ਮੰਗ ਪੂਰੀ ਕੀਤੀ ਜਾਵੇ,ਜਦਕਿ ਪਹਿਲਾਂ ਸਿਰਫ 1407 ਅਸਾਮੀਆਂ ਉਕਤ ਤਿੰਨੇ ਵਿਸ਼ਿਆਂ ਦੀਆਂ ਹਨ।
ਉਹਨਾਂ ਕਿਹਾ ਕਿ 1 ਮਈ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਕੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ।
ਇਸ ਮੌਕੇ ਗੁਰਪ੍ਰੀਤ ਸਿੰਘ ਭੀਖੀ, ਕੁਲਵੰਤ ਸਿੰਘ ਜਟਾਣਾਂ,ਜੀਤ ਘਰਾਂਗਣਾ, ਗੁਰਪ੍ਰੀਤ ਸਿੰਘ ਕੁਵੈਂਟਰੀ, ਹਰਪ੍ਰੀਤ ਸਿੰਘ ਰੋਝਾਂਵਾਲੀ, ਗੁਰਪ੍ਰੀਤ ਸਿੰਘ ਬਾਂਦਰਾਂ, ਗੁਰਪ੍ਰੀਤ ਸਿੰਘ ਫਫੜੇ, ਗੁਰਪਾਲ ਸਿੰਘ ਤਾਮਕੋਟ,ਹਰਦੀਪ ਕੌਰ, ਪਰਮਪਾਲ ਕੌਰ, ਵੀਰਪਾਲ ਕੌਰ, ਹਰਿੰਦਰ ਸ਼ੈਟੀ, ਰਵਿੰਦਰ ਕੌਰ, ਸੁਖਪਾਲ ਕੌਰ, ਗੁਰਵਿੰਦਰ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਮਮਤਾ ਰਾਣੀ , ਵੀਨਾ ਰਾਣੀ, ਅਮਨਦੀਪ ਕੌਰ, ਪਿੰਕੀ ਭਾਰਤੀ, ਸੁਖਬੀਰ ਕੌਰ ਆਦਿ ਹਾਜ਼ਰ ਸਨ।







Spread the love