ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਛੇਤੀ ਹੀ ਆਪਣੇ ਵਤਨ ਪਰਤਣ ਜਾ ਰਹੇ ਹਨ।

ਰਿਪੋਰਟ ਮੁਤਾਬਕ ਸ਼ਾਹਬਾਜ਼ ਸਰਕਾਰ ਨੇ ਨਵਾਜ਼ ਨੂੰ ਨਵੇਂ ਪਾਸਪੋਰਟ ਦੀ ਮਨਜ਼ੂਰੀ ਦੇ ਦਿੱਤੀ ਹੈ।

ਨਵੰਬਰ 2019 ਵਿੱਚ, ਨਵਾਜ਼ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਲਾਹੌਰ ਹਾਈ ਕੋਰਟ ਵਿੱਚ ਵਿਦੇਸ਼ ਵਿੱਚ ਇਲਾਜ ਲਈ ਅਰਜ਼ੀ ਦਿੱਤੀ ਸੀ ਜਿਸ ਤੋਂ ਬਾਅਦ ਉਹ ਲੰਡਨ ਚਲੇ ਗਏ ਸਨ ।

ਲੰਡਨ ਪਹੁੰਚਣ ‘ਤੇ ਨਵਾਜ਼ ਨੂੰ ਡਰ ਸੀ ਕਿ ਪਾਕਿਸਤਾਨ ਪਰਤਦੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 72 ਸਾਲਾ ਨਵਾਜ਼ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।

ਇਮਰਾਨ ਸਰਕਾਰ ਦੌਰਾਨ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਕਈ ਦੋਸ਼ ਵੀ ਲੱਗੇ ਸਨ।

ਪਾਕਿਸਤਾਨ ਮੀਡੀਆ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਨਵਾਜ਼ ਦਾ ਨਵਾਂ ਪਾਸਪੋਰਟ ਸਾਧਾਰਨ ਅਤੇ ਤਤਕਾਲ ਸ਼੍ਰੇਣੀ ਦਾ ਹੈ, ਜਿਸ ਦੀ ਵੈਧਤਾ 10 ਸਾਲ ਹੋਵੇਗੀ।

ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਨਵਾਜ਼ ਨੂੰ ਜਲਦ ਹੀ ਡਿਪਲੋਮੈਟਿਕ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ।

ਇਹ ਮੰਦਭਾਗਾ ਹੈ ਕਿ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਵਿਅਕਤੀ ਨੂੰ ਦੇਸ਼ ਦੀ ਨਾਗਰਿਕਤਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

Spread the love