SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ ਚ ਬੰਦ ਸਿੱਖਾਂ ਦੀ ਰਿਹਾਈ ਕਰਾਉਣ ਲਈ 9 ਮੈਂਬਰੀ ਕਮੇਟੀ ਦਾ ਗਠਨ ਕਰਕੇ ,ਕਮੇਟੀ ਚ ਸ਼ਾਮਲ ਕੀਤੇ ਗਏ ਸਿੱਖ ਆਗੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਹ ਕਮੇਟੀ ਹੁਣ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਚ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨ ਕਰੇਗੀ ਤਾਂ ਜੋ ਲੰਬੀਆਂ ਸਜਾਵਾਂ ਭੁਗਤ ਚੁੱਕੇ ਇਹ ਸਿੱਖ ਜੇਲ੍ਹਾਂ ਚੋਂ ਬਾਹਰ ਆ ਸਕਣ।

SGPC ਦੇ ਪ੍ਰਧਾਨ ਵੱਲੋਂ ਪੰਥਕ ਧਿਰਾਂ ਦੀ ਬਣਾਈ ਇਸ ਸਾਂਝੀ ਕਮੇਟੀ ਚ ਜਿਨ੍ਹਾਂ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਉਹ ਸਾਰੇ ਹੀ ਮੋਹਰੀ ਪੰਥਕ ਸੰਸਥਾਵਾਂ ਦੇ ਆਗੂ ਹਨ। ਇਸ ਕਮੇਟੀ ਚ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼ੋਮਣੀ ਅਕਾਲੀ ਦਲ (ਬਾਦਲ)ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , SAD (ਅੰਮ੍ਰਿਤਸਰ) ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ,ਤਰਨਾਦਲ ਦੇ ਮੁਖੀ ਬਾਬਾ ਨਿਹਾਲ ਸਿੰਘ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ , ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ , ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ GK ਅਤੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਮੈਂਬਰ ਲਿਆ ਗਿਆ ਹੈ।

ਪੰਥਕ ਧਿਰਾਂ ਦੀ ਨਵਗਠਿਤ ਇਸ ਕਮੇਟੀ ਦੀ ਪਹਿਲੀ ਮੀਟਿੰਗ 19 ਮਈ ਨੂੰ SGPC ਦੇ ਅੰਮ੍ਰਿਤਸਰ ਦਫਤਰ ਵਿਖੇ ਬੁਲਾਈ ਗਈ ਹੈ ਜਿੱਥੇ ਅਗਲੇ ਪ੍ਰੋਗਰਾਮ ਸੰਬੰਧੀ ਵਿਚਾਰ ਵਟਾਂਦਰਾ ਹੋਵੇਗਾ।ਸ਼ੋਮਣੀ ਅਕਾਲੀ ਦਲ ਵੱਲੋਂ ਪੰਜਾਬ ਅਤੇ ਸਿੱਖਾਂ ਦੀਆਂ ਮੰਗਾਂ ਨੂੰ ਲੈਕੇ 1980ਵਿਆਂ ਦੇ ਦਹਾਕੇ ਚ ਆਰੰਭੇ ਗਏ ਧਰਮਯੁੱਧ ਮੋਰਚੇ ਦੌਰਾਨ ਪੰਜਾਬ ਅਤੇ ਪੰਜਾਬ ਤੋਂ ਬਾਹਰ ਚ ਬਹੁਤ ਸਾਰੀਆਂ ਅਣਸੁਖਾਵੀਂਆਂਘਟਨਾਵਾਂ ਵਾਪਰੀਆਂ ਜਿਨ੍ਹਾਂ ਕਰਕੇ ਇੱਥੇ ਇੱਕ ਹਿੰਸਕ ਲਹਿਰ ਪੈਦਾ ਹੋਈ। ਵੱਡੀ ਗਿਣਤੀ ਚ ਲੋਕ ਇਸ ਹਿੰਸਾ ਦਾ ਸ਼ਿਕਾਰ ਹੋਏ ਸਨ। ਇਸ ਦੌਰਾਨ ਹੀ ਵੱਡੀ ਗਿਣਤੀ ਚ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਿਨ੍ਹਾਂ ਚੋਂ ਅਜੇ ਵੀ ਕੁੱਝ ਸਿੱਖ ਪੰਜਾਬ ਅਤੇ ਦੂਸਰੇ ਸੂਬਿਆਂ ਦੀਆਂ ਜੇਲ੍ਹਾਂ ਚ ਬੰਦ ਹਨ।

25-25 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਚਲੇ ਆ ਰਹੇ ਇਨ੍ਹਾਂ ਬੰਦੀ ਸਿੱਖਾਂ ਦੀ ਰਿਹਾਈ ਲਈ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ 3 ਮਈ ਨੂੰ ਅਕਾਲ ਤਖਤ ਸਾਹਿਬ ਉਤੇਸਿੱਖ ਜਥੇਬੰਦੀਆਂ ਦਾ ਪੰਥਕ ਇਕੱਠ ਬੁਲਾਇਆ ਗਿਆ ਸੀ। ਇਸ ਪੰਥਕ ਇਕੱਠ ਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਆਗੂਆਂ ਨੇ ਹਿੱਸਾ ਲਿਆ ਸੀ। 3 ਮਈ ਦੀ ਪੰਥਕ ਇੱਕਤਰਤਾ ਚ ਸ਼ਾਮਿਲ ਸਿੱਖ ਆਗੂਆਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ, ਬੰਦੀ ਸਿੱਖਾਂ ਦੀ ਰਿਹਾਈ ਲਈ ਠੋਸ ਕਦਮ ਉਠਾਉਣ ਦੀ ਮੰਗ ਕੀਤੀ ਸੀ। 3 ਮਈ ਦੀ ਪੰਥਕ ਇਕੱਤਰਤਾ ਚ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਦੇਸ਼ ਜਾਰੀ ਕੀਤੇ ਸਨ SGPC ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਠੋਸ ਕਦਮ ਉਠਾਵੇ ।

ਅਕਾਲ ਤਖਤ ਦੇ ਜੱਥੇਦਾਰ ਸਾਹਿਬ ਦੇ ਆਦੇਸ਼ਾਂ ਉੱਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ 11 ਮਈ ਨੂੰ, SGPC ਦੇ ਮੁੱਖ ਦਫਤਰ ਵਿੱਖੇ ਤੇਜਾ ਸਿੰਘ ਸਮੁੰਦਰੀ ਹਾਲ ਚ ਪੰਥਕ ਜਥੇਬੰਦੀਆਂ ਅਤੇ ਸਿੱਖ ਆਗੂਆਂ ਦੀ ਵਿਸ਼ਾਲ ਮੀਟਿੰਗ ਬੁਲਾਈ ਗਈ ਸੀ ।ਇਸ ਮੀਟਿੰਗ ਚ ਸਾਰੇ ਅਕਾਲੀ ਦਲ ਦੇ ਧੜਿਆਂ,ਨਹਿੰਗ ਸਿੰਘ ਜਥੇਬੰਦੀਆਂ,ਸੰਤ ਸਮਾਜ,ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਉੱਘੀਆਂ ਸਿੱਖ ਸੰਸਥਾਵਾਂ ਦੇ ਮੋਹਰੀ ਆਗੂਆਂ ਦਾ ਵੱਡਾ ਇਕੱਠ ਹੋਇਆ ਸੀ।

11 ਮਈ ਦੀ ਮੀਟਿੰਗ ਚ ਸ਼ਾਮਿਲ ਸਿੱਖ ਆਗੂਆਂ ਨੇ ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰਵਾਉਣ ਲਈ ਇੱਕ ਕਮੇਟੀ ਦਾ ਗਠਨ ਕਰਨ ਤੋਂ ਇਲਾਵਾ ਕਾਨੂੰਨੀ ਚਾਰਾਜੋਈ ਕੀਤੀ ਜਾਵੇ ,ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਵੇ ਤਾ ਜੋ ਜੇਲ੍ਹਾਂ ਚ ਬੰਦ ਸਿੱਖਾਂ ਦੀ ਰਿਹਾਈ ਲਈ ਕੌਮ ਨੂੰ ਪ੍ਰੋਗਰਾਮ ਦਿੱਤਾ ਜਾ ਸਕੇ।

ਬੰਦੀ ਸਿੱਖਾਂ ਦੀ ਰਿਹਾਈ ਸੰਬੰਧੀ ਗਠਿਤ ਕੀਤੀ ਜਾਣ ਵਾਲੀ ਕਮੇਟੀ ਚ ਕੌਣ-ਕੌਣ ਮੈਂਬਰ ਸ਼ਾਮਿਲ ਹੋਣਗੇ ਇਸ ਦਾ ਅਧਿਕਾਰ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਦਿੱਤਾ ਗਿਆ ਸੀ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆ 9 ਮੈਂਬਰੀ ਕਮੇਟੀ ਦਾ ਗਠਨ ਕਰਦੇ ਹੋਏ ਉਹਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

ਇਸ ਕਮੇਟੀ ਚ ਸ਼ਾਮਿਲ ਕੀਤੇ ਆਗੂਆਂ ਦੀ ਪਹਿਲੀ ਮੀਟਿੰਗ 19 ਮਈ ਨੂੰ ਅੰਮ੍ਰਿਤਸਰ ਚ ਹੋਣ ਜਾ ਰਹੀ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਬਹੁਤ ਸਾਰੇ ਸਿੱਖ ਆਗੂ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਨੂੰ ਲੈਕੇ ਪਹਿਲੀ ਵਾਰ ਦਹਾਕਿਆਂ ਬਾਆਦ,11 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਚ ਇਕੱਠੇ ਹੋਏ ਸਨ ਅਤੇ ਦੂਸਰੀ ਵਾਰ ਇਹ ਸਿੱਖ ਆਗੂ 19 ਮਈ ਨੂੰ SGPC ਦੇ ਦਫਤਰ ਚ ਸੱਦੀ ਗਈ ਮੀਟਿੰਗ ਚ ਇਕੱਠੇ ਹੋਣਗੇ। ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਆਗੂ ਇਕੱਠੇ ਹੋਣ ਜਾ ਰਹੇ ਹਨ ਉਹਨਾਂ ਵਿਚ ਭਾਈ ਜਗਤਾਰ ਸਿੰਘ ਹਵਾਰਾ,ਭਾਈ ਬਲਵੰਤ ਸਿੰਘ ਰਾਜੋਆਣਾ ,ਭਾਈ ਲਾਲ ਸਿੰਘ , ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ , ਦਿਆ ਸਿੰਘ ਲਾਹੌਰੀਆ,ਪਰਮਜੀਤ ਸਿੰਘ ਭਿਓਰਾ , ਲਖਵਿੰਦਰ ਸਿੰਘ , ਸ਼ਮਸ਼ੇਰ ਸਿੰਘ , ਗੁਰਮੀਤ ਸਿੰਘ , ਨੰਦ ਸਿੰਘ, ਸੁਬੇਗ ਸਿੰਘ ,ਗੁਰਦੀਪ ਸਿੰਘ ਖੇੜਾ,ਗੁਰਮੀਤ ਸਿੰਘ ਫੌਜੀ ਆਦਿ ਸਿੱਖ ਹਨ ਜੋ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਚ ਬੰਦ ਹਨ ।

Spread the love