ਸਿਹਤ ਠੀਕ ਨਾ ਹੋਣ ਦੇ ਹਵਾਲਾ ਦੇ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਸੁਪਰੀਮ ਕੋਰਟ ਵਿੱਚ ਪਹੁੰਚ ਕਰਕੇ ਆਤਮ ਸਮਰਪਣ ਲਈ ਮੰਗੀ ਮੋਹਲਤ ਨਹੀਂ ਮਿਲੀ, ਜਿਸ ਕਰਕੇ ਉਸ ਨੂੰ ਅੱਜ ਹੀ ਪਟਿਆਲਾ ਅਦਾਲਤ ਵਿੱਚ ਆਤਮ ਸਮਰਪਣ ਕਰਨਗਾ ਪਵੇਗਾ। ਆਤਮ ਸਮਰਪਣ ਲਈ ਉਹ ਬਾਅਦ ਦੁਪਹਿਰ ਦੋ ਵਜੇ ਆਪਣੇ ਘਰੋਂ ਨਿਕਲੇਗਾ ਤੇ ਢਾਈ ਜਾਂ ਤਿੰਨ ਵਜੇ ਅਦਾਲਤ ਵਿੱਚ ਆਤਮ ਸਮਰਪਣ ਕਰੇਗਾ। ਇਸ ਤੋਂ ਬਾਅਦ ਹੀ ਅਦਾਲਤ ਵੱਲੋਂ ਜੇਲ੍ਹ ਭੇਜਿਆ ਜਾਵੇਗਾ, ਜਿਸ ਮਗਰੋਂ ਪੁਲੀਸ ਹਿਰਾਸਤ ’ਚ ਲੈ ਕੇ ਸਿੱਧੂ ਦਾ ਪਟਿਆਲਾ ਦੇ ਹਸਪਤਾਲ ਵਿੱਚ ਮੈਡੀਕਲ ਕਰਵਾਏਗੀ ਤੇ ਫਿਰ ਉਸ ਨੂੰ ਜੇਲ੍ਹ ਛੱਡ ਦਿੱਤਾ ਜਾਵੇਗਾ। ਭਾਵੇਂ ਵਧੇਰੇ ਆਸਾਰ ਸਿੱਧੂ ਨੂੰ ਪਟਿਆਲਾ ਜੇਲ੍ਹ ਵਿੱਚ ਛੱਡਣ ਦੇ ਹੀ ਹਨ ਪਰ ਨਾਲ ਹੀ ਕਿਸੇ ਹੋਰ ਜੇਲ੍ਹ ਵਿੱਚ ਭੇਜੇ ਜਾਣ ਦੀ ਚਰਚਾ ਵੀ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਕੱਟੜ ਸਿਆਸੀ ਵਿਰੋਧੀ ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵੀ ਪਹਿਲਾਂ ਹੀ 24 ਫਰਵਰੀ ਤੋਂ ਇਸੇ ਜੇਲ੍ਹ ਵਿੱਚ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ 1988 ਦੇ ‘ਰੋਡ ਰੇਜ’ ਕੇਸ ਵਿੱਚ ਸੁਣਾਈ ਗਈ ਇੱਕ ਸਾਲ ਦੀ ਕੈਦ ਦੀ ਸਜ਼ਾ ਲਈ ਆਤਮ ਸਮਰਪਣ ਕਰਨ ਲਈ ਸੁਪਰੀਮ ਕੋਰਟ ਤੋਂ ਕੁਝ ਹਫ਼ਤਿਆਂ ਦਾ ਸਮਾਂ ਮੰਗਿਆ ਸੀ। ਜ਼ਿਕਰਯੋਗ ਹੈ ਕਿ ਸਿੱਧੂ ਨੇ ਪਹਿਲਾਂ ਅੱਜ ਸਵੇਰੇ ਦਸ ਵਜੇ ਆਤਮ ਸਮਰਪਣ ਕਰਨ ਦਾ ਸਮਾਂ ਤੈਅ ਕੀਤਾ ਸੀ। ਫਿਰ ਗਿਆਰਾਂ ਵਜੇ ਤੱਕ ਵਧਾ ਦਿੱਤਾ ਗਿਆ। ਉਸ ਮਗਰੋਂ ਦੁਪਹਿਰ ਬਾਰਾਂ ਵਜੇ ਘਰੋਂ ਰਵਾਨਾ ਹੋਣ ਦਾ ਸਮਾਂ ਮਿਥਿਆ ਗਿਆ।

Spread the love