ਕੈਬਨਿਟ ਮੰਤਰੀ ਨੇ ਕਿਸਾਨ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ 25 ਲੱਖ ਦੀ ਰਾਸ਼ੀ ਵੰਡੀ
ਜੀਵਨ ਕ੍ਰਾਂਤੀ
ਮਾਨਸਾ, 21 ਮਈ:
ਮੁੱਖ ਮੰਤਰੀ ਪੰਜਾਬ ਸ੍ਰ .ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕ ਹਿਤੈਸ਼ੀ ਫੈਸਲੇ ਲੈ ਕੇ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰਨ ਲਈ ਵਚਨਬੱਧ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ (ਪੰਜਾਬ) ਡਾ. ਵਿਜੈ ਸਿੰਗਲਾ ਨੇ ਸਥਾਨਕ ਬੱਚਤ ਭਵਨ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਧਰਨੇ ਦੌਰਾਨ ਸ਼ਹੀਦ ਹੋਏ 5 ਕਿਸਾਨਾਂ ਦੇ 20 ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈਕ ਸੌਂਪਣ ਮੌਕੇ ਕੀਤਾ।
ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਮਾਰੂ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ ਕਿਸਾਨ ਭਰਾਵਾਂ ਨੂੰ ਦਿੱਲੀ ਸਿੰਘੂ ਬਾਰਡਰ ’ਤੇ ਮੋਰਚਾ ਲਾਉਣ ਲਈ ਮਜ਼ਬੂਰ ਕੀਤਾ ਸੀ, ਮੋਰਚੇ ’ਚ ਰਾਜ ਅੰਦਰ ਕਰੀਬ 700 ਕਿਸਾਨ ਸ਼ਹੀਦ ਹੋਏ। ਉਨ੍ਹਾਂ ਪੀੜ੍ਹਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜੀ ਹੈ।
ਸ੍ਰੀ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੇ ਦਰਦ ਨੂੰ ਦਿਲੋਂ ਮਹਿਸੂਸ ਕੀਤਾ ਹੈ ਅਤੇ ਹਰ ਵਾਅਦੇ ਨੂੰ ਤਰਜ਼ੀਹ ’ਤੇ ਆਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਮੋਰਚੇ ਦੌਰਾਨ ਆਮ ਆਦਮੀ ਪਾਰਟੀ ਨੇ ਬਣਦਾ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿੱਚ ਵੀ ਪੰਜਾਬ ਸਰਕਾਰ ਕਿਸਾਨੀ ਹੱਕਾਂ ਲਈ ਡਟ ਕੇ ਪਹਿਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਆਪਣੀ ਜਾਨ ਗੁਵਾਉਣ ਵਾਲਿਆਂ ਦੀ ਦੇਣ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ।
ਇਸ ਤੋਂ ਪਹਿਲਾ ਹਲਕਾ ਵਿਧਾਇਕ ਬੁਢਲਾਡਾ ਸ੍ਰੀ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਸੂਬੇ ਦੇ ਲੋਕਾਂ ਦੀ ਭਲਾਈ ਲਈ ੳਲੀਕੀਆਂ ਹਰੇਕ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾ ਰਿਹਾ ਹੈ। ਹਲਕਾ ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਜਿਹੜੇ ਪਰਿਵਾਰ ਆਪਣੇ ਜੀਅ ਗੁਆ ਚੁੱਕੇ ਹਨ ਉਨ੍ਹਾਂ ਦੀ ਕਮੀ ਨੂੰ ਕੋਈ ਪੂਰਾ ਨਹੀ ਕਰ ਸਕਦਾ ਪਰ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਰਾਜ ਸਰਕਾਰ ਕਿਸੇ ਪ੍ਰਕਾਰ ਦੀ ਕਮੀ ਨਹੀ ਛੱਡੇਗੀ।
ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਕੈਬਨਿਟ ਮੰਤਰੀ ਸ੍ਰੀ ਵਿਜੈ ਸਿੰਗਲਾ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਮਾਨਸਾ ਅੰਦਰ ਰਾਜ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਲਈ ਉਲੀਕੀਆ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਸੰਘਰਸ਼ ਮੋਰਚੇ ਦੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਅਤੇ ਹੋਰ ਹਾਜ਼ਰ ਸਨ।










Spread the love