ਖੇਡ ਮੰਤਰੀ ਨੇ ਅਰਸ਼ਦੀਪ ਸਿੰਘ ਤੇ ਉਸ ਦੇ ਪਰਿਵਾਰ ਦੀ ਰਾਤਰੀ ਭੋਜ ਉੱਤੇ ਕੀਤੀ ਮੇਜ਼ਬਾਨੀ

ਤੇਜ਼ ਗੇਂਦਬਾਜ਼ ਨੂੰ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਗਏ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਹੌਂਸਲਾ ਅਫ਼ਜਾਈ ਲਈ ਉਸ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਮੁੱਖ ਮੰਤਰੀ ਭਗਵੰਤ ਮਾਨ ਤਰਫੋਂ ਵਧਾਈ ਦਿੱਤੀ। ਪੰਜਾਬ ਭਵਨ ਚੰਡੀਗੜ੍ਹ ਵਿਖੇ ਅਰਸ਼ਦੀਪ ਸਿੰਘ ਤੇ ਉਸ ਦੇ ਪਰਿਵਾਰ ਲਈ ਰੱਖੇ ਰਾਤਰੀ ਭੋਜ ਮੌਕੇ ਖੇਡ ਮੰਤਰੀ ਨੇ ਕਿਹਾ ਕਿ ਅਰਸ਼ਦੀਪ ਸਿੰਘ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਚੋਣ ਨਾਲ ਸੂਬੇ ਦੇ ਲੱਖਾਂ ਨੌਜਵਾਨਾਂ ਨੂੰ ਅੱਗੇ ਵੱਧਣ ਦੀ ਪ੍ਰੇਰਨਾ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਨੌਜਵਾਨਾਂ ਉੱਤੇ ਮਾਣ ਕਰਦੀ ਹੈ ਜਿਨ੍ਹਾਂ ਆਪਣੀ ਸਖ਼ਤ ਮਿਹਨਤ ਤੇ ਕਰੜੀ ਸਾਧਨਾ ਨਾਲ ਜ਼ਿੰਦਗੀ ਵਿੱਚ ਨਾਮਣਾ ਖੱਟਿਆ ਹੈ। ਖੇਡ ਮੰਤਰੀ ਮੀਤ ਹੇਅਰ ਅਰਸ਼ਦੀਪ ਦੇ ਬਚਪਨ ਤੋਂ ਕ੍ਰਿਕਟ ਨਾਲ ਜੁੜਨ, ਪਰਿਵਾਰ ਦੀ ਹਮਾਇਤ ਅਤੇ ਸੰਘਰਸ਼ ਦੀ ਕਹਾਣੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਕੀਤੀ ਮਿਹਨਤ ਕਦੇ ਅਜਾਈਂ ਨਹੀਂ ਜਾਂਦੀ।ਮੀਤ ਹੇਅਰ ਨੇ ਅਰਸ਼ਦੀਪ ਸਿੰਘ ਨੂੰ ਦੱਸਿਆ ਕਿ ਉਹ ਖ਼ੁਦ ਵੀ ਛੋਟੇ ਹੁੰਦੇ ਕ੍ਰਿਕਟਰ ਬਣਨਾ ਚਾਹੁੰਦੇ ਸਨ ਅਤੇ ਹੁਣ ਵੀ ਉਹ ਕ੍ਰਿਕਟ ਖੇਡ ਵਿੱਚ ਬਹੁਤ ਰੁਚੀ ਰੱਖਦੇ ਹਨ ਜਿਸ ਲਈ ਕਦੇ-ਕਦੇ ਮੌਕਾ ਮਿਲਣ ਉੱਤੇ ਕ੍ਰਿਕਟ ਵੀ ਖੇਡਦੇ ਹਨ।

ਖੇਡ ਮੰਤਰੀ ਨੇ ਕਿਹਾ ਕਿ ਹੁਣ ਕ੍ਰਿਕਟ ਖੇਡ ਵਿੱਚ ਵੱਡੇ ਪੱਧਰ ਉੱਤੇ ਪੰਜਾਬ ਦੇ ਨਵੀਂ ਉਮਰ ਦੇ ਖਿਡਾਰੀ ਅੱਗੇ ਆ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਰਣਜੀ ਟਰਾਫੀ ਵਿੱਚ ਪੰਜਾਬ ਹੋਰ ਵੀ ਬਿਹਤਰ ਪ੍ਰਦਰਸ਼ਨ ਕਰੇਗਾ।ਪੰਜਾਬ ਸਰਕਾਰ ਖੇਡਾਂ ਨੂੰ ਹੇਠਲੇ ਪੱਧਰ ਉੱਤੇ ਮਜ਼ਬੂਤ ਕਰਨ ਲਈ ਉਪਰਾਲੇ ਕਰ ਰਹੀ ਹੈ ਤਾਂ ਜੋ ਪੰਜਾਬ ਮੁੜ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣੇ। ਇਸ ਮੌਕੇ ਮੀਤ ਹੇਅਰ ਨੇ ਅਰਸ਼ਦੀਪ ਸਿੰਘ ਨੂੰ ਦੁਸ਼ਾਲਾ ਪਾ ਕੇ ਸਨਮਾਨਤ ਵੀ ਕੀਤਾ।ਇਸ ਮੌਕੇ ਅਰਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰ ਤੇ ਕੋਚ ਵੀ ਮੌਜੂਦ ਸਨ।

Spread the love