ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ AAP ਸਰਕਾਰ ਉਨ੍ਹਾਂ ਹਜ਼ਾਰਾਂ ਕਿਸਾਨਾਂ ਜਿਨ੍ਹਾਂ ਦੀਆਂ ਫਸਲਾਂ ਤੇ ਬਾਗ, ਭਾਰੀ ਬਰਸਾਤਾਂ ਕਾਰਨ ਤਬਾਹ ਹੋ ਗਏ ਹਨ, ਨੂੰ ਰਾਹਤ ਪ੍ਰਦਾਨ ਕਰਨ ਲਈ ਵਿਸ਼ੇਸ਼ ਫੰਡਾਂ ਦੀ ਵਿਵਸਥਾ ਕਰੇ ਤੇ ਨਾਲ ਹੀ ਪ੍ਰਭਾਵਤ ਇਲਾਕਿਆਂ ਵਿਚੋਂ ਪਾਣੀ ਕੱਢਣ ਵਾਸਤੇ ਢੁਕਵੇਂ ਕਦਮ ਚੁੱਕੇ। ਅਕਾਲੀ ਦਲ ਦੇ ਆਗੂ ਨੇ ਆਪਣੇ ਕੋਲੋਂ ਹੀ ਲੰਬੀ ਹਲਕੇ ਦੇ ਪੰਦਰਾਂ ਪਿੰਡਾਂ ਵਿਚੋਂ ਪਾਣੀ ਕੱਢਣ ਲਈ ਮੋਟਰ ਪੰਪ ਤੇ ਪਾਈਪਾਂ ਪ੍ਰਦਾਨ ਕੀਤੀਆਂ ਹਨ ਤੇ ਨਾਲ ਹੀ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਭਾਵਤ ਇਲਾਕਿਆਂ ਵਿਚ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਕੀਟਨਾਸ਼ਕਾਂ ਦੇ ਛਿੜਕਾਅ ਵਾਸਤੇ ਮੁਹਿੰਮ ਚਲਾਉਣ। ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ ਤੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਾ ਕੋਈ ਵੀ ਪਾਰਟੀ ਵਿਚ ਨਹੀਂ ਰਹੇਗਾ। ਇਸ ਗੰਭੀਰ ਸੰਕਟ ਵੇਲੇ AAP ਵੱਲੋਂ ਲੋਕਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਤੋਂ ਭੱਜਣ ਦੇ ਤਰੀਕੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 6 ਮੰਤਰੀ ਤੇ ਮੁੱਖ ਮੰਤਰੀ ਆਪ ਜ਼ਿਲ੍ਹੇ ਦਾ ਦੌਰਾ ਕਰ ਚੁੱਕੇ ਹਨ ਪਰ ਹਾਲੇ ਤੱਕ ਵਿਸ਼ੇਸ਼ ਗਿਰਦਾਵਰੀ ਸ਼ੁਰੂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਮੈਨੂੰ ਦੱਸਿਆ ਹੈ ਕਿ ਕੋਈ ਵੀ ਰਾਹਤ ਇਸ ਲਈ ਪ੍ਰਦਾਨ ਨਹੀਂ ਕੀਤੀ ਜਾ ਰਹੀ ਕਿਉਂਕਿ ਸਰਕਾਰ ਤੋਂ ਕੋਈ ਹਦਾਇਤ ਨਹੀਂ ਮਿਲੀ। ਉਨ੍ਹਾਂ ਮੰਗ ਕੀਤੀ ਕਿ ਸਾਰੇ ਕਿਸਾਨ ਜਿਨ੍ਹਾਂ ਦੀਆਂ ਫਸਲਾਂ ਤੇ ਬਾਗ ਭਾਰੀ ਬਰਸਾਤਾਂ ਤੇ ਹੜ੍ਹਾਂ ਕਾਰਨ ਤਬਾਹ ਹੋਏ ਹਨ, ਉਨ੍ਹਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਠੇਕੇ ’ਤੇ ਖੇਤੀ ਕਰਦੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਪਹਿਲ ਕੀਤੀ ਜਾਵੇ ਤੇ ਉਨ੍ਹਾਂ ਨੇ ਪਿੰਡ ਰੁਕਣਪੁਰਾ ਖੂਈ ਖੇੜਾ ਦੇ ਠੇਕੇ ’ਤੇ ਖੇਤੀ ਕਰਦੇ ਕਿਸਾਨ ਦਾ ਹਵਾਲਾ ਦਿੱਤਾ ਜਿਸਦੀ 60 ਏਕੜ ਵਿਚ ਖੜ੍ਹੀ ਫਸਲ ਤਬਾਹ ਹੋ ਗਈ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਕਿਸਾਨਾਂ ਦੀ ਨਰਮੇ ਤੇ ਝੋਨੇ ਦੀ ਫਸਲ ਤਬਾਹ ਹੋਈ ਹੈ ਤੇ ਉਨ੍ਹਾਂ ਦੇ ਕਿੰਨੂਆਂ ਦੇ ਬਾਗ ਘਬਾਹ ਹੋਏ ਹਨ, ਉਨ੍ਹਾਂ ਦੇ ਮਜ਼ਦੂਰਾਂ ਦੀ ਹਾਲਾਤ ਵੀ ਬਹੁਤ ਖਰਾਬ ਹੈ। ਉਨ੍ਹਾਂ ਦੱਸਿਆ ਕਿ ਦਿਹਾੜੀਦਾਰਾਂ ਨੇ ਉਨ੍ਹਾਂ ਕੋਲ ਪਹੁੰਚ ਕੀਤੀ ਹੈ ਤੇ ਦੱਸਿਆ ਹੈ ਕਿ ਫਸਲਾਂ ਤਬਾਹ ਹੋਣ ਕਾਰਨ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ ਤੇ ਸਰਕਾਰ ਨੂੰ ਉਨ੍ਹਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਸ. ਬਾਦਲ ਨੇ AAP ਸਰਕਾਰ ਵੱਲੋਂ ਡਰੇਨਾਂ ਦੀ ਸਫਾਈ ਨਾ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਨਾਲ ਸਮੱਸਿਆ ਹੋਰ ਗੰਭੀਰ ਹੋਈ ਹੈ। ਉਨ੍ਹਾਂ ਕਿਹਾ ਕਿ ਸੇਮ ਨਾਲਾ ਜੋ ਇਲਾਕੇ ਵਿਚ ਬਣਾਇਆ ਸੀ, ਉਸਦੀ ਸਫਾਈ ਨਹੀਂ ਹੋਈ ਤੇ ਉਹ ਜੰਗਲ ਬਣਿਆ ਪਿਆ ਹੈ। ਉਨ੍ਹਾਂ ਨੇ ਅਬੋਹਰ ਸ਼ਹਿਰ ਵਿਚ ਵੀ ਕਈ ਇਲਾਕਿਆਂ ਵਿਚ ਹੜ੍ਹ ਆਉਣ ਦਾ ਹਵਾਲਾ ਦਿੱਤਾ ਤੇ ਦੱਸਿਆ ਕਿ ਸਾਬਕਾ PCC ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਇਥੇ ਡਰੇਨੇਜ ਤੇ ਸੀਵਰੇਜ ਪਾਈਪ ਪਾਉਣ ਵੇਲੇ ਹੋਏ ਭ੍ਰਿਸ਼ਟਾਚਾਰ ਕਾਰਨ ਅਜਿਹਾ ਹੋਇਆ ਹੈ।