ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਦੀ ਲਪੇਟ ਵਿੱਚ ਹਜ਼ਾਰਾਂ ਪਸ਼ੂ ਆ ਗਏ ਹਨ, ਜਿਸ ਕਾਰਨ ਪਸ਼ੂ ਪਾਲਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ। ਪੰਜਾਬ ਸਰਕਾਰ ਨੇ ਇਸ ਬਾਰੇ ਅਲਰਟ ਜਾਰੀ ਕਰ ਦਿੱਤਾ ਹੈ। ਕਰੋਨਾ ਮਹਾਮਾਰੀ ਵਾਂਗ ਇਸ ਬਿਮਾਰੀ ਨਾਲ ਨਜਿੱਠਣ ਲਈ ਵੈਟਰਨਰੀ ਸਟਾਫ਼ ਨੂੰ ਦਿਨ-ਰਾਤ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਅਧਿਕਾਰੀਆਂ ਨੂੰ ਰੋਜ਼ਾਨਾ ਅੱਧਾ ਦਿਨ ਫ਼ੀਲਡ ਵਿੱਚ ਗੇੜਾ ਮਾਰਨ ਲਈ ਕਿਹਾ ਗਿਆ ਹੈ। ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਕਰ ਕੇ ਹਦਾਇਤਾਂ ਜਾਰੀ ਕੀਤੀਆਂ। ਹੁਣ ਜਦੋਂ ਇਹ ਬਿਮਾਰੀ ਵਧਣ ਲੱਗੀ ਹੈ ਤਾਂ ਵਿਭਾਗ ਦੀ ਜਾਗ ਖੁੱਲ੍ਹੀ ਹੈ। ਦੋ ਹਫ਼ਤਿਆਂ ਮਗਰੋਂ ਮਹਿਕਮੇ ਨੇ ਫ਼ੀਲਡ ਸਟਾਫ਼ ਕੋਲੋਂ ਰੋਜ਼ਾਨਾ ਰਿਪੋਰਟ ਲੈਣੀ ਸ਼ੁਰੂ ਕੀਤੀ ਹੈ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਸੁਭਾਸ਼ ਚੰਦਰ ਗੋਇਲ ਨੇ ਦੱਸਿਆ ਕਿ ਹੁਣ ਤੱਕ ਕਰੀਬ 10 ਹਜ਼ਾਰ ਪਸ਼ੂ ਇਸ ਬਿਮਾਰੀ ਤੋਂ ਪੀੜਤ ਪਾਏ ਗਏ ਹਨ। ਪੰਜਾਬ ਵਿੱਚ ਕਰੀਬ 40 ਫ਼ੀਸਦ ਗਊਆਂ ਇਸ ਬਿਮਾਰੀ ਦੀ ਮਾਰ ਹੇਠ ਹਨ। ਇਨ੍ਹਾਂ ਵਿੱਚੋਂ 10 ਤੋਂ 15 ਫ਼ੀਸਦੀ ਗਊਆਂ ਦੀ ਹਾਲਤ ਗੰਭੀਰ ਹੈ।
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਨੇ ਦੱਸਿਆ ਕਿ ਪੰਜਾਬ ਵਿੱਚ ਵੈਟਰਨਰੀ ਇੰਸਪੈਕਟਰਾਂ ਅਤੇ ਦਵਾਈਆਂ ਦੀ ਵੱਡੀ ਘਾਟ ਹੈ ਜਿਸ ਕਰ ਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Spread the love