ਭਗਵੰਤ ਮਾਨ ਸਰਕਾਰ ਦੇ ਟਰਾਂਸਪੋਰਟ ਮੰਤਰੀ ਮੁੜ ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਇਸ ਵਾਰ ਉਹ ਬੀਤੇ ਸਾਲ ਕਿਸਾਨ ਅੰਦੋਲਨ ਦੌਰਾਨ ਲਾਲ ਕਿਲਾ ਹਿੰਸਾ ਦੀ ਇੱਕ ਵੀਡੀਓ ਵਿੱਚ ਨਜ਼ਰ ਆ ਰਹੇ ਹਨ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵਿੱਟਰ ‘ਤੇ ਵੀਡੀਓ ਜਾਰੀ ਕਰਦੇ ਹੋਏ CM ਮਾਨ ਅਤੇ ਅਰਵਿੰਦ ਕੇਜਰੀਵਾਲ ਤੋਂ ਜਵਾਬ ਮੰਗਿਆ ਹੈ, ਹਾਲਾਂਕਿ ਕੇਜਰੀਾਵਲ ਜਾਂ ਮਾਨ ਦੀ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਹ ਵੀਡੀਓ 26 ਜਨਵਰੀ ਦੀ ਹੈ, ਜਦੋਂ ਦੀਪ ਸਿੱਧੂ ਨੇ ਲਾਲ ਕਿਲੇ ‘ਤੇ ਕੇਸਰੀ ਨਿਸ਼ਾਨ ਸਾਹਿਬ ਦਾ ਝੰਡਾ ਝੁਲਾਇਆ ਸੀ, ਵੀਡੀਓ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਵਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਇਸ ਮਾਮਲੇ ‘ਚ ਦੀਪ ਸਿੱਧੂ ਸਮੇਤ ਕਈ ਨੌਜਵਾਨਾਂ ਤੇ ਕੇਸ ਦਰਜ ਕੀਤਾ ਗਿਆ ਸੀ ਅਤੇ ਕਈ ਗ੍ਰਿਫ਼ਤਾਰੀਆਂ ਵੀ ਹੋਈਆਂ ਸਨ।

ਵੀਡੀਓ ‘ਤੇ ਸੁਖਪਾਲ ਖਹਿਰਾ ਨੇ AAP ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ CM ਮਾਨ ਕੋਲੋਂ ਜਵਾਬ ਮੰਗਿਆ ਹੈ ਅਤੇ ਕਿਹਾ ਹੈ ਕਿ ਕਿਰਪਾ ਕਰਕੇ ਸਪੱਸ਼ਟ ਕਰੋ ਕਿ ਕੀ ਤੁਹਾਡੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀਪ ਸਿੱਧੂ ਨਾਲ ਲਾਲ ਕਿਲੇ ‘ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਦਾ ਹਿੱਸਾ ਹਨ? ਜੇਕਰ ਹਾਂ ਤਾਂ ਸਾਡਾ ਮੁੱਖ ਮੰਤਰੀ ਉਨ੍ਹਾਂ ਨੂੰ ਦੇਸ਼ ਵਿਰੋਧੀ ਕਿਵੇਂ ਕਹਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਕੈਬਨਿਟ ਵਿੱਚ ਮੰਤਰੀ ਕਿਵੇਂ ਰੱਖਦਾ ਹੈ? ਮੈਂ ਸੁਧਾਰ ਦੇ ਅਧੀਨ ਹਾਂ!

ਜ਼ਿਕਰਯੋਗ ਹੈ ਕਿ AAP ਦੇ ਮੰਤਰੀ ਲਾਲਜੀਤ ਭੁੱਲਰ ਦੇ ਵਿਵਾਦ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਉਹ ਗੰਨਮੈਨਾਂ ਨਾਲ ਗੱਡੀ ‘ਤੇ ਸਟੰਟ ਕਰਦੇ ਨਜ਼ਰ ਆਏ ਸਨ। ਭਾਵੇਂ ਕਿ ਉਨ੍ਹਾਂ ਨੇ ਬਾਅਦ ‘ਚ ਇਹ ਕਹਿ ਕੇ ਪੱਲਾ ਝਾੜ ਲਿਆ ਸੀ ਕਿ ਇਹ ਵੀਡੀਓ ਚੋਣਾਂ ਜਿੱਤਣ ਦੇ ਸਮੇਂ ਦੀ ਹੈ ਪਰ ਨਾਲ ਹੀ ਉਨ੍ਹਾਂ ਮਾਫੀ ਵੀ ਮੰਗੀ ਸੀ।

Spread the love