ਇੱਥੇ 27ਵਾਂ ਹਿੰਦ-ਪਾਕਿ ਦੋਸਤੀ ਮੇਲਾ ਮਨਾਉਂਦਿਆਂ 1947 ਵਿੱਚ ਹੋਈ ਵੰਡ ਦੌਰਾਨ ਫ਼ਿਰਕੂ ਹਿੰਸਾ ਵਿਚ ਮਾਰੇ ਗਏ ਦਸ ਲੱਖ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸ ਮੌਕੇ ਇਕ ਐਲਾਨਨਾਮੇ ਰਾਹੀਂ ਸਰਕਾਰਾਂ ਕੋਲੋਂ ਮੰਗ ਕੀਤੀ ਗਈ ਕਿ ਵੰਡ ਵੇਲੇ ਜਿਹੜੇ ਲੋਕ ਉਜਾੜੇ ਦਾ ਸ਼ਿਕਾਰ ਹੋ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਗਏ ਸਨ, ਉਨ੍ਹਾਂ ਨੂੰ ਆਪਣੀ ਜਨਮ ਭੌਂਇ ਦੇਖਣ ਲਈ ਮਾਨਵੀ ਆਧਾਰ ‘ਤੇ ਸੁਖਾਲੇ ਵੀਜ਼ੇ ਰਾਹੀਂ ਸਰਹੱਦ ਪਾਰ ਜਾਣ ਦੀ ਆਗਿਆ ਦਿੱਤੀ ਜਾਵੇ। ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਸਰਕਾਰਾਂ ਆਪਣੇ ਦੁਵੱਲੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਅਤੇ ਕਿਸੇ ਵੀ ਮਕਸਦ ਲਈ ਅਤਿਵਾਦੀ ਤਨਜ਼ੀਮਾਂ ਨੂੰ ਹਿੰਸਾ ਲਈ ਉਤਸ਼ਾਹਿਤ ਨਾ ਕਰਨ। ਇਹ ਹਿੰਦ-ਪਾਕਿ ਦੋਸਤੀ ਮੇਲਾ ਅੱਜ ਇੱਥੇ ਪੰਜਾਬ ਨਾਟਸ਼ਾਲਾ ਵਿੱਚ ਕਰਵਾਇਆ ਗਿਆ। ਇਸ ਦੇ ਪਹਿਲੇ ਪੜਾਅ ਵਿਚ ਇੱਥੇ ਸੈਮੀਨਾਰ ‘ਅਜੋਕੀ ਸਥਿਤੀ ਵਿੱਚ ਭਾਰਤ ਪਾਕਿ ਸਬੰਧ’ ਵਿਸ਼ੇ ‘ਤੇ ਕੀਤਾ ਗਿਆ। ਸ਼ਾਮ ਨੂੰ ਸੂਫ਼ੀ ਸੰਗੀਤ ਦਾ ਸਮਾਗਮ ਹੋਇਆ।

Spread the love