ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1947 ਵੇਲੇ ਭਾਰਤ-ਪਾਕਿ ਵੰਡ ਦੇ ਸਮੇਂ 10 ਲੱਖ ਪੰਜਾਬੀ ਜਿਨ੍ਹਾਂ ਵਿੱਚ ਹਿੰਦੂ ਸਿੱਖ ਮੁਸਲਮਾਨ ਮਾਰੇ ਗਏ ਸਨ, ਨੂੰ ਸਿਜਦਾ ਕੀਤਾ ਗਿਆ। ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਰਤ-ਪਾਕਿ ਵੰਡ ਸਮੇਂ 10 ਲੱਖ ਮਾਰੇ ਗਏ ਪੰਜਾਬੀਆਂ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਭੋਗ ਪਾਏ ਗਏ, ਉਪਰੰਤ ਕੀਰਤਨ ਸਮਾਗਮ ਹੋਇਆ। ਅਰਦਾਸ ਤੋਂ ਬਾਅਦ ਸੰਗਤ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਪਾਕਿ ਵੰਡ ਸਮੇਂ 10 ਲੱਖ ਪੰਜਾਬੀ ਮਾਰੇ ਗਏ ਸਨ ਇਨ੍ਹਾਂ ਨਿਰਦੋਸ਼ ਪੰਜਾਬੀਆਂ ਵਿੱਚ ਹਿੰਦੂ, ਸਿੱਖ, ਮੁਸਲਮਾਨ ਆਦਿ ਸ਼ਾਮਲ ਸਨ।

ਅੱਜ ਇਨ੍ਹਾਂ ਦੀ ਯਾਦ ਵਿੱਚ ਸਮਾਗਮ ਰੱਖਿਆ ਗਿਆ, ਇਸ ਵਿਚ ਸਿੱਖਾਂ ਦੇ ਨਾਲ ਹਿੰਦੂ ਅਤੇ ਮੁਸਲਮਾਨ ਵੀ ਉਹਨਾਂ ਮਾਰੇ ਗਏ ਮਾਸੂਮਾਂ-ਬੇਗੁਨਾਹਾਂ ਨੂੰ ਸਿਜਦਾ ਕਰਨ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਵੰਡ ਕਾਰਨ ਗੁਰਦੁਆਰੇ, ਮੰਦਰਾਂ ਤੇ ਮਸਜਿਦਾਂ ‘ਚ ਇਕ ਦੂਸਰੇ ਦੇ ਦੇਸ਼ ਵਿਚ ਜਾਣ ਵਿਚ ਬਹੁਤ ਤੰਗੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਤੇ ਜਾਣ ਲਈ ਦੋਵਾਂ ਸਰਕਾਰਾਂ ਨੂੰ ਖੁੱਲ੍ਹ ਦਿਲੀ ਦਿਖਾਉਣੀ ਚਾਹੀਦੀ ਅਤੇ ਬਿਨਾਂ ਸ਼ਰਤ ਵੀਜ਼ੇ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਭਾਰਤੀ ਪਾਕਿਸਤਾਨ ਵਿੱਚ ਯਾਤਰਾ ਦੌਰਾਨ ਜਾਂਦੇ ਹਨ ਤੇ ਉਹ ਚਾਹੁੰਦੇ ਹਨ ਕਿ ਆਪਣੇ ਪੁਰਖਿਆਂ ਦੇ ਪਿੰਡ ਅਤੇ ਜੁੜੀਆਂ ਯਾਦਾਂ ਨੂੰ ਜਾ ਕੇ ਦੇਖਣ ਪਰ ਸਰਕਾਰਾਂ ਪਾਬੰਦੀ ਲਗਾਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਕਈਆਂ ਦੇ ਰਿਸ਼ਤੇਦਾਰ ਦੋਹਾਂ ਦੇਸ਼ਾਂ ਵਿਚ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਮਿਲਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੜ੍ਹਦੇ ਪੰਜਾਬ ਨੂੰ ਅਸੀਂ ਖੁਦ ਹੀ ਬਰਬਾਦ ਕਰ ਰਹੇ ਹਾਂ। ਸਾਡੇ ਨੌਜਵਾਨ ਨਸ਼ਿਆਂ ਵਿੱਚ ਗਲਤਾਨ ਹੋ ਰਹੇ ਹਨ ਅਤੇ ਪੰਜਾਬ ਦੀ ਧਰਤੀ, ਪਾਣੀ ਤੇ ਹਵਾ ਨੂੰ ਅਸੀਂ ਗੰਧਲਾ ਕਰ ਰਹੇ ਹਾਂ, ਜਿਸ ਨੂੰ ਸੰਭਲਣ ਦੀ ਲੋੜ ਹੈ। ਅਸੀਂ ਅੱਜ ਵੀ ਸੁਚੇਤ ਹੋਈਏ ਅਤੇ ਆਪਣੀ ਧਰਤੀ, ਪਾਣੀ ਅਤੇ ਹਵਾ ਨੂੰ ਬਚਾਈਏ। ਜਥੇਦਾਰ ਨੇ ਸਮਾਗਮ ਚ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਹੋਰਨਾਂ ਦਾ ਧੰਨਵਾਦ ਕੀਤਾ।

Spread the love