sukh dev dhindsa

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਦੇ ਤਾਨਾਸ਼ਾਹੀ ਫੈਸਲੇ ਦੇ ਖ਼ਿਲਾਫ਼ ਸਮੂਹਿਕ ਅਸਤੀਫਾ ਦੇਣ ਵਾਲੀਆਂ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਦੇ ਹੌਂਸਲੇ ਦੀ ਦਾਦ ਦਿੰਦਿਆਂ ਕਿਹਾ ਕਿ ਜੋ ਕੰਮ ਬਾਦਲ ਦਲ ਵਿਚ ਮਜਬੂਰ ਹੋਏ ਬੈਠੇ ਵੱਡੇ-ਵੱਡੇ ਲੀਡਰ ਨਾ ਕਰ ਸਕੇ ਉਹ ਕੰਮ ਇਨ੍ਹਾਂ ਜੁਝਾਰੂ ਬੀਬੀਆਂ ਨੇ ਕਰਕੇ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦਿੱਤਾ ਹੈ। ਢੀਂਡਸਾ ਨੇ ਬੀਬੀਆਂ ਵਲੋਂ ਚੁੱਕੇ ਗਏ ਇਸ ਸ਼ਲਾਘਾਯੋਗ ਕਦਮ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਵਿਚ ਕੁਰਬਾਨੀਆਂ ਕਰਨ ਵਾਲੇ ਲੀਡਰਾਂ ਦੀ ਹੀ ਬਹੁਤਾਤ ਹੁੰਦੀ ਸੀ ਪਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਸਿਰਫ਼ ਚਾਪਲੂਸਾਂ ਦੀ ਹੀ ਬਣਕੇ ਰਹਿ ਗਈ ਹੈ। ਯੋਗਤਾ ਅਤੇ ਸੀਨੀਅਰਤਾ ਨੂੰ ਇਕ ਪਾਸੇ ਰੱਖਕੇ ਕੇਵਲ ਸੁਖਬੀਰ ਸਿੰਘ ਬਾਦਲ ਦੀ ਜੀ-ਹਜੂਰੀ ਕਰਨ ਵਾਲਿਆਂ ਨੂੰ ਹੀ ਵੱਡੇ-ਵੱਡੇ ਅਹੁਦੇ ਦਿੱਤੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਅਕਾਲੀ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਨਾਲ ਤਿਲਾਂਜਲੀ ਦਿੱਤੇ ਜਾਣ ਕਾਰਨ ਹੀ ਅੱਜ ਅਕਾਲੀ ਦਲ ਹਾਸ਼ੀਏ `ਤੇ ਆ ਗਿਆ ਹੈ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਉਸੇ ਦਰੱਖਤ ਨੂੰ ਵੱਢ ਰਿਹਾ ਹੈ ਜਿਸ ਦੀ ਟਾਹਣੀ `ਤੇ ਉਹ ਖ਼ੁਦ ਬੈਠਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਵਿਚ ਡਰਕੇ ਬੈਠੇ ਲੀਡਰਾਂ ਨੂੰ ਵੀ ਜਾਗਦੀ ਜ਼ਮੀਰ ਵਾਲੀਆਂ ਇਨ੍ਹਾਂ ਬੀਬੀਆਂ ਤੋਂ ਸੇਧ ਲੈਕੇ ਸੁਖਬੀਰ ਸਿੰਘ ਬਾਦਲ ਦੀਆਂ ਆਪਹੁਦਰੀਆਂ ਅਤੇ ਤਾਨਾਸ਼ਾਹੀ ਰਵੱਈਏ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

Spread the love