ਚੰਡੀਗੜ੍ਹ : ਇਸਰੋ ਨੇ ਵਿਕਰਮ ਲੈਂਡਰ ਦੁਆਰਾ ਚੰਨ ਦੀਆਂ ਭੇਜੀਆਂ ਤਾਜ਼ੀਆਂ ਫੋਟੋਆਂ ਸਾਂਝੀਆਂ ਕੀਤੀਆਂ ਨੇ। ਇਸਰੋ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਚੰਦਰਯਾਨ-3 ਮਿਸ਼ਨ ਦੇ ਲੈਂਡਰ ਮਾਡਿਊਲ ਨੂੰ ਪੰਧ ’ਤੇ ਥੋੜ੍ਹਾ ਹੋਰ ਹੇਠਾਂ ਸਫ਼ਲਤਾਪੂਰਵਕ ਪਹੁੰਚਾ ਦਿੱਤਾ ਹੈ ਅਤੇ ਉਸ ਦੇ ਹੁਣ 23 ਅਗਸਤ ਸ਼ਾਮ ਛੇ ਵੱਜ ਕੇ ਚਾਰ ਮਿੰਟ ’ਤੇ ਚੰਦਰਮਾ ਦੀ ਸਤਹਿ ’ਤੇ ਉਤਰਨ ਦੀ ਉਮੀਦ ਹੈ। ਪੁਲਾੜ ਏਜੰਸੀ ਨੇ ਕਿਹਾ ਕਿ ਲੈਂਡਰ ਮਾਡਿਊਲ ਪ੍ਰਸਤਾਵਿਤ ਸਾਫਟ ਲੈਂਡਿੰਗ ਤੋਂ ਪਹਿਲਾਂ ਅੰਦਰੂਨੀ ਜਾਂਚ ਪ੍ਰਕਿਰਿਆ ਤੋਂ ਗੁਜ਼ਰੇਗਾ। ਇਸ ਤੋਂ ਪਹਿਲਾਂ ਇਸਰੋ ਨੇ ਕਿਹਾ ਸੀ ਕਿ ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) 23 ਅਗਸਤ ਸ਼ਾਮ ਪੰਜ ਵੱਜ ਕੇ 47 ਮਿੰਟ ’ਤੇ ਚੰਦਰਮਾ ਦੀ ਸਤਹਿ ’ਤੇ ਉਤਰਨਗੇ। ਇਸਰੋ ਨੇ ‘ਐਕਸ’ ’ਤੇ ਐਤਵਾਰ ਤੜਕੇ ਇਕ ਪੋਸਟ ’ਚ ਕਿਹਾ,‘‘ਦੂਜੇ ਅਤੇ ਆਖਰੀ ਡੀਬੂਸਟਿੰਗ ਅਪਰੇਸ਼ਨ ’ਚ ਲੈਂਡਰ ਮਾਡਿਊਲ ਸਫ਼ਲਤਾਪੂਰਵਕ ਪੰਧ ’ਚ ਹੋਰ ਹੇਠਾਂ ਆ ਗਿਆ ਹੈ। ਮਾਡਿਊਲ ਹੁਣ ਅੰਦਰੂਨੀ ਜਾਂਚ ਪ੍ਰਕਿਰਿਆ ’ਚੋਂ ਗੁਜ਼ਰੇਗਾ ਅਤੇ ਤੈਅਸ਼ੁਦਾ ਲੈਂਡਿੰਗ ਵਾਲੀ ਥਾਂ ’ਤੇ ਸੂਰਜ ਉੱਗਣ ਦੀ ਉਡੀਕ ਕਰੇਗਾ।’’ ਇਸਰੋ ਮੁਤਾਬਕ ਚੰਦਰਯਾਨ-3 ਮਿਸ਼ਨ ਰਾਹੀਂ ਪੁਲਾੜ ਖੋਜ ’ਚ ਭਾਰਤ ਇਕ ਇਤਿਹਾਸਕ ਉਪਲੱਬਧੀ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਭਾਰਤੀ ਵਿਗਿਆਨ, ਇੰਜਨੀਅਰਿੰਗ, ਤਕਨਾਲੋਜੀ ਅਤੇ ਸਨਅਤ ਵੱਲ ਇਕ ਅਹਿਮ ਕਦਮ ਹੈ।

ਇਸ ਪ੍ਰੋਗਰਾਮ ਦਾ ਟੈਲੀਵਿਜ਼ਨ ’ਤੇ 23 ਅਗਸਤ ਨੂੰ ਸ਼ਾਮ 5 ਵਜ ਕੇ 27 ਮਿੰਟ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਜੋ ਇਸਰੋ ਦੀ ਵੈੱਬਸਾਈਟ, ਉਸ ਦੇ ਯੂਟਿਊਬ ਚੈਨਲ, ਫੇਸਬੁੱਕ ਪੇਜ ਅਤੇ ਡੀਡੀ (ਦੂਰਦਰਸ਼ਨ) ਨੈਸ਼ਨਲ ਟੀਵੀ ਚੈਨਲ ਸਮੇਤ ਕਈ ਪਲੈਟਫਾਰਮ ’ਤੇ ਦਿਖਾਇਆ ਜਾਵੇਗਾ। ਇਸਰੋ ਨੇ ਦੇਸ਼ ਭਰ ਦੇ ਸਾਰੇ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਰਮਿਆਨ ਇਸ ਉਪਲੱਬਧੀ ਨੂੰ ਪ੍ਰਚਾਰਿਤ ਕਰਨ ਦਾ ਸੱਦਾ ਦਿੱਤਾ ਹੈ। ਚੰਦਰਯਾਨ ਦਾ ਲੈਂਡਰ ਮਾਡਿਊਲ ਅਤੇ ਪ੍ਰੋਪਲਸ਼ਨ ਮਾਡਿਊਲ 14 ਜੁਲਾਈ ਨੂੰ ਮਿਸ਼ਨ ਦੀ ਸ਼ੁਰੂਆਤ ਦੇ 35 ਦਿਨਾਂ ਬਾਅਦ ਵੀਰਵਾਰ ਨੂੰ ਸਫ਼ਲਤਾਪੂਰਵਕ ਵੱਖ ਹੋ ਗਏ ਸਨ।

Spread the love