ਗਾਇਕ ਲਾਭ ਜੰਜੂਆ ਦੀ ਪਤਨੀ ਦਲਜੀਤ ਕੌਰ ਜੰਜੂਆ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸੋਮਵਾਰ ਨੂੰ ਦਲਜੀਤ ਕੌਰ ਜੰਜੂਆ ਦਾ ਅੰਤਿਮ ਸੰਸਕਾਰ ਖੰਨਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਅੰਤਿਮ ਸੰਸਕਾਰ ’ਚ ਇਕ ਵੀ ਕਲਾਕਾਰ ਨਹੀਂ ਆਇਆ। ਪੁੱਤਰ ਬਲਜਿੰਦਰ ਸਿੰਘ ਜੰਜੂਆ ਨੇ 10 ਤੋਂ 15 ਲੋਕਾਂ ਦੀ ਹਾਜ਼ਰੀ ’ਚ ਆਪਣੀ ਮਾਤਾ ਦੀ ਚਿਖਾ ਨੂੰ ਅਗਨ ਭੇਟ ਕੀਤਾ। ਪੁੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਦਸਵੀਂ ਜਮਾਤ ’ਚ ਪੜ੍ਹਦਾ ਹੈ। ਪਿਤਾ ਦੀ ਮੌਤ ਮਗਰੋਂ ਹੁਣ ਸਾਰੇ ਕੰਮ ਮਾਤਾ ਕਰਦੇ ਸੀ। ਉਸਦੀ ਮਾਤਾ ਦਲਜੀਤ ਕੌਰ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਬੱਸ ’ਚ ਖੰਨਾ ਪਰਤ ਰਹੀ ਸੀ। ਜਦੋਂ ਦੇਰ ਰਾਤ ਤਕ ਉਹ ਘਰ ਨਾ ਆਏ ਤਾਂ ਉਹ ਲਗਾਤਾਰ ਫੋਨ ਕਰ ਰਿਹਾ ਸੀ। ਰਾਤ ਨੂੰ ਕਰੀਬ 1 ਵਜੇ ਕਿਸੇ ਨੇ ਫੋਨ ਚੁੱਕਿਆ ਤਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਵਿਖੇ ਉਸਦੀ ਮਾਤਾ ਦੀ ਮੌਤ ਹੋ ਗਈ ਹੈ। ਹਨੇਰਾ ਹੋਣ ਕਾਰਨ ਉਹ ਮੰਡੀ ਗੋਬਿੰਦਗੜ੍ਹ ਵਿਖੇ ਹੀ ਭੁਲੇਖੇ ਨਾਲ ਉਤਰ ਗਈ। ਇਸੇ ਦੌਰਾਨ ਇਕ ਤੇਜ਼ ਰਫ਼ਤਾਰ ਵਾਹਨ ਨੇ ਦਲਜੀਤ ਕੌਰ ਨੂੰ ਟੱਕਰ ਮਾਰ ਦਿੱਤੀ।

Spread the love