ਸੰਗਰੂਰ ; ਲੌਂਗੋਵਾਲ ’ਚ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਈ ਝੜਪ ਦੌਰਾਨ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਤੋਂ ਬਾਅਦ ਅੱਜ ਕਿਸਾਨਾਂ ਵਲੋਂ ਥਾਣਾ ਲੌਂਗੋਵਾਲ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਲੌਂਗੋਵਾਲ ਪੁਲਿਸ ਨੇ ਵਾਪਰੇ ਘਟਨਾਕ੍ਰਮ ਨੂੰ ਲੈ ਕੇ 18 ਮਾਲੂਮ ਅਤੇ 30 ਤੋਂ 35 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੰਗਰੂਰ ਪੁਲਿਸ ਦੀ ਅਧਿਕਾਰਤ ਵੈਬਸਾਈਟ ਅਨੁਸਾਰ ਭਾਕਿਯੂ ਏਕਤਾ ਆਜ਼ਾਦ ਦੇ ਸੂਬਾ ਆਗੂ ਜਸਵਿੰਦਰ ਸਿੰਘ ਸੋਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿਸਾਨ ਬੱਡਬਰ ਟੋਲ ਪਲਾਜ਼ਾ ਨੂੰ ਘੇਰਨ ਜਾ ਰਹੇ ਸਨ ਕਿ ਪੁਲਿਸ ਦੇ ਰੋਕਣ ’ਤੇ ਕਿਸਾਨ ਆਗੂ ਬੈਰਿਕੇਡ ਤੋੜ ਕੇ ਵੱਖ-ਵੱਖ ਵਾਹਨਾਂ ਰਾਹੀਂ ਅੱਗੇ ਵਧਣ ਲੱਗੇ, ਜਿਸ ਕਾਰਨ ਧਰਨਾਕਾਰੀ ਅਤੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਧਰਨਾਕਾਰੀਆਂ ਨੇ ਆਪਣੇ ਟਰੈਕਟਰ ਟਰਾਲੀਆਂ ਅਤੇ ਬੱਸਾਂ ਅਤੇ ਹੋਰ ਵਾਹਨਾਂ ਜਿੰਨ੍ਹਾ ਵਿਚ ਕਿਸਾਨ ਯੂਨੀਅਨ ਦੇ ਵਰਕਰ ਮਰਦ ਅਤੇ ਔਰਤਾਂ ਬੈਠੇ ਸਨ, ਨੂੰ ਸਟਾਰਟ ਕਰ ਲਿਆ ਅਤੇ ਪੁਲਿਸ ਮੁਲਾਜ਼ਮਾਂ ਅਤੇ ਧਰਨਾਕਾਰੀਆਂ ਉੱਪਰ ਚਾੜ੍ਹ ਦਿੱਤਾ ਜਿਸ ਕਾਰਨ ਕਈ ਪੁਲਿਸ ਕਰਮਚਾਰੀਆਂ ਅਤੇ ਧਰਨਾਕਾਰੀਆਂ ਦੇ ਸੱਟਾਂ ਲੱਗੀਆਂ। ਇਸ ਕਾਰਨ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।

Spread the love