ਚੰਡੀਗੜ੍ਹ: ਪੰਜਾਬ ਵਿੱਚ ਤੀਜੀ ਵਾਰ ਹੜ੍ਹਾਂ ਦੀ ਮਾਰ ਦਾ ਖਤਰਾ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ’ਚ ਪੈ ਰਹੇ ਮੀਂਹ ਕਾਰਨ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਦਰਿਆਵਾਂ ਨੇੜਲੇ ਪਿੰਡਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਪਹਾੜਾਂ ’ਤੇ ਪਏ ਮੀਂਹ ਕਾਰਨ ਪੰਜਾਬ ਹੁਣ ਹਾਈ ਅਲਰਟ ’ਤੇ ਹੈ। ਡੈਮਾਂ ਵਿੱਚ ਪਹਾੜਾਂ ਤੋਂ ਪਾਣੀ ਦੀ ਆਮਦ ’ਚ ਇਕਦਮ ਵਾਧਾ ਹੋ ਗਿਆ ਹੈ। ਇਸ ਗੱਲ ਦਾ ਡਰ ਹੈ ਕਿ ਪਿਛਲੇ ਦਿਨਾਂ ਵਾਂਗ ਪਹਾੜਾਂ ਤੋਂ ਅਣਕਿਆਸੀ ਮਾਤਰਾ ’ਚ ਡੈਮਾਂ ਵਿੱਚ ਪਾਣੀ ਆਇਆ ਤਾਂ ਹੜ੍ਹਾਂ ਦੇ ਨਵੇਂ ਖ਼ਤਰੇ ਨੂੰ ਟਾਲਣਾ ਮੁਸ਼ਕਲ ਹੋ ਜਾਵੇਗਾ।

ਡੈਮਾਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਵੱਲ ਮੁੜ ਵਧਣ ਲੱਗਾ ਹੈ। ਭਾਖੜਾ ਡੈਮ ਵਿੱਚ ਕਰੀਬ ਦੋ ਫੁੱਟ ਪਾਣੀ ਦਾ ਪੱਧਰ ਵਧ ਗਿਆ। ਬੁੱਧਵਾਰ ਨੂੰ ਪਾਣੀ ਦਾ ਪੱਧਰ 1674.18 ਫੁੱਟ ’ਤੇ ਪਹੁੰਚ ਗਿਆ ਸੀ। ਕੁਝ ਦਿਨ ਪਹਿਲਾਂ ਭਾਖੜਾ ਡੈਮ ਦਾ ਪਾਣੀ 1678.6 ਫੁੱਟ ਨੂੰ ਛੂਹ ਗਿਆ ਸੀ। ਭਾਖੜਾ ਡੈਮ ਵਿੱਚ ਬੁੱਧਵਾਰ ਨੂੰ ਪਹਾੜਾਂ ’ਚੋਂ 1.28 ਲੱਖ ਕਿਊਸਿਕ ਪਾਣੀ ਆਇਆ ਜਿਸ ਦੀ ਮਾਤਰਾ ਦੋ ਦਿਨ ਪਹਿਲਾਂ ਸਿਰਫ਼ 36 ਹਜ਼ਾਰ ਕਿਊਸਿਕ ਰਹਿ ਗਈ ਸੀ।

ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1390.9 ਫੁੱਟ ’ਤੇ ਪਹੁੰਚ ਗਿਆ ਜੋ ਇੱਕ ਦਿਨ ਪਹਿਲਾਂ 1389.65 ਫੁੱਟ ਸੀ। ਪੌਂਗ ਡੈਮ ਵਿੱਚ ਪਹਾੜਾਂ ਤੋਂ ਪਾਣੀ ਦੀ ਮਾਤਰਾ ਬੁੱਧਵਾਰ ਦੁਪਹਿਰ ਤੋਂ ਪਹਿਲਾਂ 1.93 ਲੱਖ ਕਿਊਸਿਕ ’ਤੇ ਪਹੁੰਚ ਗਈ ਸੀ ਜੋ ਤਿੰਨ ਵਜੇ ਮੁੜ 1.38 ਲੱਖ ਕਿਊਸਿਕ ’ਤੇ ਆ ਗਈ। ਦੋ ਦਿਨ ਪਹਿਲਾਂ ਪੌਂਗ ਡੈਮ ਵਿੱਚ ਪਾਣੀ ਦੀ ਆਮਦ 23 ਹਜ਼ਾਰ ਕਿਊਸਿਕ ਹੀ ਸੀ।

ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਪਾਣੀ 67340 ਕਿਊਸਿਕ ਤੇ ਭਾਖੜਾ ਡੈਮ ਤੋਂ ਸਤਲੁਜ ਵਿੱਚ 58400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

Spread the love