ਹਿਮਾਚਲ: ਬਾਰਸ਼ ਨੇ ਫਿਰ ਮਚਾਈ ਤਬਾਹੀ, ਇੱਕੋ ਦਿਨ 13 ਮੌਤਾਂ, 6 ਲਾਪਤਾ

ਹਿਮਾਚਲ ਪ੍ਰਦੇਸ਼ ਵਿੱਚ ਤੀਜੀ ਵਾਰ ਮਾਨਸੂਨ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਬੁੱਧਵਾਰ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਮੀਂਹ ਨਾਲ ਸਬੰਧਤ ਘਟਨਾਵਾਂ ‘ਚ 13 ਲੋਕਾਂ ਦੀ ਮੌਤ ਹੋ ਗਈ ਤੇ ਛੇ ਲੋਕ ਲਾਪਤਾ ਹਨ। ਇਸ ਦੌਰਾਨ ਸੂਬੇ ‘ਚ 24 ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਤੇ ਤਿੰਨ ਥਾਵਾਂ ‘ਤੇ ਹੜ੍ਹ ਆ ਗਏ।

ਰਾਜ ਆਫ਼ਤ ਪ੍ਰਬੰਧਨ ਦੇ ਪ੍ਰਮੁੱਖ ਸਕੱਤਰ ਓਂਕਾਰ ਸ਼ਰਮਾ ਨੇ ਦੱਸਿਆ ਕਿ ਕੁੱਲੂ ਵਿੱਚ ਹਾਦਸੇ ਤੋਂ ਪਹਿਲਾਂ ਹੀ ਮਕਾਨਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਇਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਕੁਦਰਤੀ ਕ੍ਰੋਪੀ ਕਰਕੇ 24 ਜੂਨ ਤੋਂ ਹੁਣ ਤੱਕ ਹਿਮਾਚਲ ‘ਚ 361 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 342 ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 41 ਅਜੇ ਵੀ ਲਾਪਤਾ ਹਨ।

ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਬਿਲਾਸਪੁਰ ਦੇ ਕਾਹੂ ਤੇ ਮੰਡੀ ਦੇ ਕੋਟਲਾ ਵਿੱਚ ਸਭ ਤੋਂ ਵੱਧ 210-210 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਬਿਲਾਸਪੁਰ ਸਦਰ, ਬਾਰਥੀ ਤੇ ਪੰਡੋਹ ਵਿੱਚ 180-180 ਮਿਲੀਮੀਟਰ, ਕੰਡਾਘਾਟ ਵਿੱਚ 160, ਬੰਗਾਨਾ ਤੇ ਕਸੌਲੀ ਵਿੱਚ 150-150, ਬਲਦਵਾੜਾ ਵਿੱਚ 140, ਸ਼ਿਮਲਾ ਤੇ ਨੈਣਾ ਦੇਵੀ ਵਿੱਚ 130-130 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। 25 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

Spread the love