ਚੰਦਰਯਾਨ-3 ਮਿਸ਼ਨ:ਭਾਰਤ ਦਾ ਕੋਈ ਵਿਗਿਆਨੀ ਕਰੋੜਪਤੀ ਨਹੀਂ,ਫਿਰ ਵੀ ਪ੍ਰਾਪਤੀਆਂ

ਭਾਰਤ ਦੇ ਚੰਦਰਯਾਨ-3 ਮਿਸ਼ਨ ਦੀ ਕਾਮਯਾਬੀ ਭਾਰਤ ਦੇ ਵਿਗਿਆਨੀਆਂ ਦੀ ਇਤਿਹਾਸਕ ਤੇ ਵੱਡੀ ਪ੍ਰਾਪਤੀ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਸਰੋ ਦੇ ਸਾਬਕਾ ਮੁਖੀ ਮਾਧਵਨ ਨਾਇਰ ਨੇ ਕੀਤਾ। ਸ੍ਰੀ ਨਾਇਰ ਨੇ ਪੁਲਾੜ ਏਜੰਸੀ ਦੇ ਵਿਗਿਆਨੀਆਂ ਦੀ ਮਿਹਨਤ ਅਤੇ ਜੀਵਨ ਬਾਰੇ ਭੇਦ ਖੋਲਦਿਆਂ ਦੱਸਿਆ ਭਾਰਤ ਦੀ ਵਿਗਿਆਨੀਂ ਦੀਆਂ ਤਨਖ਼ਾਹ ਵਿਕਸਤ ਮੁਲਕਾਂ ਦੇ ਸਾਇੰਸਦਾਨਾਂ ਦੀ ਤਨਖ਼ਾਹ ਦਾ ਪੰਜਵਾਂ ਹਿੱਸਾ ਵੀ ਨਹੀਂ ਹੁੰਦੀ। ਇਸ ਦੇ ਬਾਵਜੂਦ ਉਨ੍ਹਾਂ ਸਾਇੰਸਦਾਨਾਂ ਨੇ ਇਹ ਪ੍ਰਾਪਤੀ ਹਾਸਿਲ ਕੀਤੀ ਹੈ। ਮਾਧਵਨ ਨਾਇਰ ਅਨੁਸਾਰ ਇਸਰੋ ਵਿਚ ਵਿਗਿਆਨੀਆਂ ਦੀ ਤਨਖ਼ਾਹ ਬਹੁਤ ਘੱਟ ਹੈ ਤੇ ਉਥੇ ਕੋਈ ਵਿਗਿਆਨੀ ਕਰੋੜਪਤੀ ਨਹੀਂ ਹੋ ਸਕਦਾ। ਉਹ ਲੋਕ ਬਹੁਤ ਸਾਦਾ ਤੇ ਸਬਰ ਵਾਲੀ ਜ਼ਿੰਦਗੀ ਜਿਉਂਦੇ ਹਨ। ਇਹੀ ਵਜ੍ਹਾ ਹੈ ਕਿ ਉਹ ਪੁਲਾੜ ਖੋਜ ਲਈ ਘੱਟ ਲਾਗਤ ਵਾਲੇ ਹੱਲ ਲੱਭ ਦਿੰਦੇ ਹਨ।

ਭਾਰਤੀ ਪੁਲਾੜ ਏਜੰਸੀ ਦੇ ਬੇਹੱਦ ਘੱਟ ਲਾਗਤ ’ਤੇ ਪੁਲਾੜ ਦੀ ਖੋਜ ਬਾਰੇ ਗੱਲਬਾਤ ਕਰਦਿਆਂ ਨਾਇਰ ਨੇ ਕਿਹਾ ਕਿ ਇਸਰੋ ਵਿਚ ਸਾਇੰਸਦਾਨਾਂ, ਤਕਨੀਸ਼ੀਅਨਾਂ ਤੇ ਹੋਰਨਾਂ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਤਨਖ਼ਾਹ ਬਾਕੀ ਦੁਨੀਆਂ ਵਿਚ ਦਿੱਤੀ ਜਾਂਦੀ ਤਨਖ਼ਾਹ ਦਾ ਮੁਸ਼ਕਲ ਨਾਲ ਪੰਜਵਾਂ ਹਿੱਸਾ ਹੁੰਦੀ ਹੈ। ਨਾਇਰ ਨੇ ਕਿਹਾ ਕਿ ਇਸਰੋ ਦੇ ਵਿਗਿਆਨੀ ਅਸਲ ਵਿਚ ਪੈਸੇ ਨੂੰ ਲੈ ਕੇ ਬਹੁਤੀ ਚਿੰਤਾ ਨਹੀਂ ਕਰਦੇ, ਉਹ ਆਪਣੇ ਮਿਸ਼ਨ ਬਾਰੇ ਸੋਚਦੇ ਹਨ। ਇਹੀਓ ਵਜ੍ਹਾ ਹੈ ਕਿ ਉਨ੍ਹਾਂ ਮਹਾਨ ਪ੍ਰਾਪਤੀ ਹਾਸਿਲ ਕੀਤੀ ਹੈ। ਇਸਰੋ ਦੇ ਸਾਇੰਸਦਾਨਾਂ ਨੇ ਸਾਵਧਾਨੀ ਨਾਲ ਯੋਜਨਾ ਬਣਾਈ ਤੇ ਦੂਰ-ਦ੍ਰਿਸ਼ਟੀ ਨਾਲ ਇਹ ਕਾਮਯਾਬੀ ਹਾਸਿਲ ਕੀਤੀ ਹੈ। ਇਸਰੋ ਦੇ ਸਾਬਕਾ ਮੁਖੀ ਨੇ ਕਿਹਾ ਕਿ ਭਾਰਤ ਆਪਣੇ ਪੁਲਾੜ ਮਿਸ਼ਨ ਲਈ ਸਵਦੇਸ਼ ਵਿਚ ਵਿਕਸਤ ਤਕਨੀਕ ਦੀ ਵਰਤੋਂ ਕਰਦਾ ਹੈ। ਇਸ ਨਾਲ ਲਾਗਤ ਨੂੰ ਵਰਣਯੋਗ ਤੌਰ ’ਤੇ ਘੱਟ ਰੱਖਣ ਵਿਚ ਮਦਦ ਮਿਲਦੀ ਹੈ। ਭਾਰਤ ਦੇ ਪੁਲਾੜ ਮਿਸ਼ਨ ਦਾ ਖ਼ਰਚਾ ਹੋਰਨਾਂ ਮੁਲਕਾਂ ਦੇ ਮਿਸ਼ਨ ਦੀ ਤੁਲਨਾ ਵਿਚ 50 ਤੋਂ 60 ਫ਼ੀਸਦ ਤੱਕ ਘੱਟ ਹੈ।

Spread the love