Ex ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਪੁੱਤਰ ਖਿਲਾਫ਼ ਚੰਡੀਗੜ੍ਹ ਪੁਲਿਸ ਨੇ ਕੇਸ ਦਰਜ ਕੀਤਾ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤ ਉਦੈਵੀਰ ਸਿੰਘ ਰੰਧਾਵਾ ਵਿਰੁੱਧ ਚੰਡੀਗੜ੍ਹ ਪੁਲਿਸ ਨੇ ਕੇਸ ਦਰਜ ਕਰ ਲਿਆ ਗਿਆ ਹੈ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਰਵੀਰ ਸਿੰਘ ਗਿੱਲ ਦੀ ਸ਼ਿਕਾਇਤ ’ਤੇ ਉਦੈਵੀਰ ਰੰਧਾਵਾ ਖ਼ਿਲਾਫ਼ ਕੇਸ ਦਰਜ ਹੋਇਆ ਹੈ।ਨਰਵੀਰ ਗਿੱਲ ਨੇ ਇਲਜ਼ਾਮ ਲਾਇਆ ਹੈ ਕਿ ਉਦੈਵੀਰ ਰੰਧਾਵਾ ਨੇ ਕੁੱਟਮਾਰ ਕੀਤੀ ਹੈ। ਇਸ ਕਰਕੇ ਉਸ ਦੇ ਮੱਥੇ ’ਤੇ ਤਿੰਨ ਟਾਂਕੇ ਲੱਗੇ ਹਨ। ਇਸ ਦੇ ਨਾਲ ਹੀ ਉਦੈਵੀਰ ਰੰਧਾਵਾ ਨੇ ਵੀ ਨਰਵੀਰ ਗਿੱਲ ‘ਤੇ ਹਮਲੇ ਦਾ ਪਰਚਾ ਦਰਜ ਕਰਵਾ ਦਿੱਤਾ ਹੈ।

ਉਦੈਵੀਰ ਸਿੰਘ ਰੰਧਾਵਾ ਤੇ ਵਿਦਿਆਰਥੀ ਨਰਵੀਰ ਗਿੱਲ ਨੇ ਇੱਕ-ਦੂਜੇ ’ਤੇ ਹਮਲੇ ਦੇ ਇਲਜ਼ਾਮ ਲਾਏ ਹਨ। ਪੁਲਿਸ ਮੁਤਾਬਕ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਰਵੀਰ ਗਿੱਲ ਦੇ ਸਿਰ ਵਿੱਚ ਸੱਟ ਵਜੀ ਹੈ, ਜਿਸ ਕਰਕੇ ਉਸ ਦੇ ਮੱਥੇ ’ਤੇ ਤਿੰਨ ਟਾਂਕੇ ਲੱਗੇ ਹਨ। ਇਸ ਨੂੰ ਲੈ ਕੇ ਥਾਣਾ ਸੈਕਟਰ-17 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਨਰਵੀਰ ਸਿੰਘ ਗਿੱਲ ਨੇ ਕਿਹਾ ਕਿ ਲੰਘੀ ਰਾਤ ਉਹ ਸੈਕਟਰ-17 ਸਥਿਤ ਹੋਟਲ ਵਿੱਚ ਗਿਆ ਹੋਇਆ ਸੀ, ਜਿੱਥੇ ਉਦੈਵੀਰ ਸਿੰਘ ਰੰਧਾਵਾ ਵੀ ਆ ਗਿਆ। ਇਸੇ ਦੌਰਾਨ ਦੋਵਾਂ ਵਿਚਕਾਰ ਝਗੜਾ ਹੋ ਗਿਆ। ਪੀੜਤ ਨੇ ਕਿਹਾ ਕਿ ਉਹ ਹੋਟਲ ਤੋਂ ਬਾਹਰ ਚਲਾ ਗਿਆ ਤਾਂ ਰੰਧਾਵਾ ਦਾ ਪੁੱਤ ਆਪਣੇ ਗੰਨਮੈਨਾਂ ਨਾਲ ਉਸ ਨੂੰ ਬੰਦੂਕ ਦਿਖਾ ਕੇ ਕਾਰ ਵਿੱਚ ਬਿਠਾਉਂਦਿਆਂ ਸੈਕਟਰ-17 ਸਥਿਤ ਪੁਲਿਸ ਥਾਣੇ ਵਿੱਚ ਲੈ ਗਿਆ।

ਦੂਜੇ ਪਾਸੇ ਉਦੈਵੀਰ ਨੇ ਵੀ ਪੁਲੀਸ ਨੂੰ ਸ਼ਿਕਾਇਤ ਦੇ ਕੇ ਨਰਵੀਰ ਗਿੱਲ ’ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਇਸ ’ਤੇ ਪੁਲਿਸ ਨੇ ਗਿੱਲ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ। ਚੰਡੀਗੜ੍ਹ ਪੁਲਿਸ ਦੇ ਡੀਐਸਪੀ ਰਾਮ ਗੋਪਾਲ ਨੇ ਕਿਹਾ ਕਿ ਥਾਣਾ ਸੈਕਟਰ-17 ਦੀ ਪੁਲਿਸ ਵੱਲੋਂ ਕਰਾਸ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Spread the love