5 ਪੁਲਸ ਇੰਸਪੈਕਟਰਾਂ ਖ਼ਿਲਾਫ਼ ਸਖ਼ਤ ਐਕਸ਼ਨ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ

ਅੰਮ੍ਰਿਤਸਰ: ਡੀ. ਜੀ. ਪੀ. ਪੰਜਾਬ ਵੱਲੋਂ ਅੰਮ੍ਰਿਤਸਰ ਦੇ ਪੁਲਸ ਥਾਣੇ ’ਚ ਤਾਇਨਾਤ 5 ਐੱਸ. ਐੱਚ. ਓ. ਰੈਂਕ ਦੇ ਅਧਿਕਾਰੀਆਂ ਨੂੰ ਲੈ ਕੇ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਬਠਿੰਡਾ-ਪਟਿਆਲਾ ਰੇਂਜ ’ਚ ਟਰਾਂਸਫਰ ਕਰ ਦਿੱਤਾ। ਦੱਸਣਯੋਗ ਹੈ ਕਿ ਇਕ ਪਾਸੇ 2 ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਨਾਲ 5 ਥਾਣਿਆਂ ਦੇ ਮੁਖੀ ਨੱਚਦੇ-ਗਾਉਂਦੇ ਵਿਖਾਈ ਦੇ ਰਹੇ ਹਨ, ਜਦੋਂ ਕਿ ਦੂਜੇ ਪਾਸੇ ਦੜੇ-ਸੱਟੇ ਦਾ ਮੁਲਜ਼ਮ ਕਮਲ ਬੋਰੀ ਹੱਥ ’ਚ ਮਾਈਕ ਫੜ ਕੇ ਗਾਣਾ ਗਾ ਰਿਹਾ ਹੈ।

ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਸਾਰੇ ਥਾਣਾ ਮੁਖੀਆਂ ਨੂੰ ਆਪਣਾ-ਆਪਣਾ ਚਾਰਜ ਛੱਡ ਕੇ ਲਾਈਨ ਹਾਜ਼ਰ ਹੋਣ ਦੇ ਹੁਕਮ ਦੇ ਪੂਰੇ ਮਾਮਲੇ ਦੀ ਜਾਂਚ ਖੋਲ੍ਹ ਦਿੱਤੀ ਹੈ।

ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਈ ਪਹਿਲੂਆਂ ’ਤੇ ਖੁਫੀਆ ਅਤੇ ਹੋਰ ਵਸੀਲਿਆਂ ਤੋਂ ਮਿਲੀਆਂ ਕਈ ਜਾਣਕਾਰੀਆਂ ਤੋਂ ਬਾਅਦ ਫ਼ੈਸਲਾ ਲੈਂਦੇ ਹੋਏ ਉਪਰੋਕਤ ਅਧਿਕਾਰੀਆਂ ਨੂੰ ਅੰਮ੍ਰਿਤਸਰ ਤੋਂ ਦੂਰ ਹੋਰ ਰੇਂਜ ’ਚ ਟਰਾਂਸਫਰ ਕਰਨ ਦੀ ਸਿਫਾਰਿਸ਼ ਪੰਜਾਬ ਪੁਲਸ ਦੇ ਡੀ. ਜੀ. ਪੀ. ਨੂੰ ਕੀਤੀ। ਦੇਰ ਸ਼ਾਮ ਨੂੰ ਡੀ. ਜੀ. ਪੀ. ਪੰਜਾਬ ਵੱਲੋਂ ਇਸ ਸਿਫਾਰਿਸ਼ ’ਤੇ ਪ੍ਰਵਾਨਗੀ ਦਿੰਦੇ ਹੋਏ ਉਪਰੋਕਤ ਅਧਿਕਾਰੀਆਂ ਨੂੰ ਬਠਿੰਡਾ ਅਤੇ ਪਟਿਆਲਾ ਰੇਂਜ ’ਚ ਟਰਾਂਸਫਰ ਕਰਨ ਦੇ ਹੁਕਮ ਦਿੱਤੇ। ਇਨ੍ਹਾਂ ਹੁਕਮਾਂ ’ਚ ਇੰਸਪੈਕਟਰ ਗੁਰਵਿੰਦਰ ਸਿੰਘ 397/ਸੀ. ਆਰ., ਇੰਸਪੈਕਟਰ ਨੀਰਜ ਕੁਮਾਰ 432/ਬੀ. ਆਰ., ਇੰਸਪੈਕਟਰ ਗਗਨਦੀਪ ਸਿੰਘ 418/ਬੀ. ਆਰ. (ਤਿੰਨਾਂ ਨੂੰ) ਪਟਿਆਲਾ ਰੇਂਜ ਮਾਲੇਰਕੋਟਲਾ ’ਚ ਟਰਾਂਸਫਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਇੰਸਪੈਕਟਰ ਧਰਮਿੰਦਰ 33/ਆਰ. ਤੇ ਇੰਸਪੈਕਟਰ ਹਰਿੰਦਰ ਸਿੰਘ 438/ਬੀ. ਆਰ. ਨੂੰ ਬਠਿੰਡਾ ਰੇਂਜ ਮਾਨਸਾ ’ਚ (ਕੁੱਲ 5 ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ) ਟਰਾਂਸਫਰ ਕੀਤਾ ਗਿਆ।5 ਪੁਲਸ ਇੰਸਪੈਕਟਰਾਂ ਖ਼ਿਲਾਫ਼ ਸਖ਼ਤ ਐਕਸ਼ਨ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ

Spread the love