ਬਠਿੰਡਾ: ਸਬ-ਡਵੀਜ਼ਨ ਮੌੜ ਦੇ ਡੀਐੱਸਪੀ ਬਲਜੀਤ ਸਿੰਘ ਬਰਾੜ ਨੂੰ ਅੱਜ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਰਵਿੰਦਰ ਸਿੰਘ ਵਾਸੀ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਵੱਲੋਂ ਵਿਜੀਲੈਂਸ ਕੋਲ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਦਈ ਰਵਿੰਦਰ ਸਿੰਘ ਜੋ ਕਿ ਮੋਬਾਇਲ ਰਿਪੇਅਰ ਦਾ ਕੰਮ ਕਰਦਾ ਹੈ, ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਸ ਦੇ ਲੜਕੇ ਖ਼ਿਲਾਫ਼ ਥਾਣਾ ਬਾਲਿਆਂਵਾਲੀ ਵਿਖੇ ਲੜਾਈ-ਝਗੜੇ ਦੀ ਰਿਪੋਰਟ ਦਰਜ ਕੀਤੀ ਗਈ ਹੈ। ਇਸ ਕੇਸ ਵਿੱਚ ਆਪਣੇ ਲੜਕੇ ਦੀ ਬੇਗੁਨਾਹੀ ਲਈ ਮੁੱਦਈ ਰਵਿੰਦਰ ਸਿੰਘ ਨੇ ਸੀਨੀਅਰ ਕਪਤਾਨ ਪੁਲਸ ਬਠਿੰਡਾ ਨੂੰ ਦਰਖਾਸਤ ਦਿੱਤੀ ਸੀ, ਜਿਸ ਦੀ ਪੜਤਾਲ ਡੀਐੱਸਪੀ ਸਬ-ਡਵੀਜ਼ਨ ਮੌੜ ਨੂੰ ਮਾਰਕ ਹੋਈ ਸੀ।

ਮੁੱਦਈ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਲੜਕੇ ਦੀ ਬੇਗੁਨਾਹੀ ਸਬੰਧੀ ਇਕ ਵੀਡੀਓ ਰਿਕਾਰਡਿੰਗ ਵੀ ਬਲਜੀਤ ਸਿੰਘ ਬਰਾੜ ਡੀਐੱਸਪੀ ਸਬ-ਡਵੀਜ਼ਨ ਮੌੜ ਦੇ ਵਾਰ-ਵਾਰ ਪੇਸ਼ ਕੀਤੀ ਗਈ ਪਰ ਫਿਰ ਵੀ ਡੀਐੱਸਪੀ ਵੱਲੋਂ ਉਸ ਦੇ ਲੜਕੇ ਦੀ ਬੇਗੁਨਾਹੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਲੜਕੇ ਨੂੰ ਬੇਗੁਨਾਹ ਸਾਬਤ ਕਰਨ ਲਈ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ। ਪੂਰੇ ਪੈਸੇ ਨਾ ਹੋਣ ਕਾਰਨ ਮੁੱਦਈ 30,000 ਰੁਪਏ ਦਾ ਇੰਤਜ਼ਾਮ ਹੀ ਕਰ ਸਕਿਆ, ਜੋ ਅੱਜ ਡੀਐੱਸਪੀ ਨੇ ਪਹਿਲੀ ਕਿਸ਼ਤ ਵਜੋਂ ਹਾਸਲ ਕਰਨੇ ਸਨ।

ਇੱਥੇ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਮੁੱਦਈ ਰਵਿੰਦਰ ਸਿੰਘ ਦੀ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਬਠਿੰਡਾ ਨੇ ਜਾਲ ਵਿਛਾਇਆ ਤੇ ਬਲਜੀਤ ਸਿੰਘ ਬਰਾੜ ਡੀਐੱਸਪੀ ਸਬ-ਡਵੀਜ਼ਨ ਮੌੜ ਨੂੰ ਮੁੱਦਈ ਰਵਿੰਦਰ ਸਿੰਘ ਕੋਲੋਂ 30,000 ਰੁਪਏ ਰਿਸ਼ਵਤ ਦੀ ਰਕਮ ਹਾਸਲ ਕਰਦਿਆਂ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡੀਐੱਸਪੀ ਬਲਜੀਤ ਸਿੰਘ ਬਰਾੜ ਦੇ ਰੀਡਰ ਹੌਲਦਾਰ ਮਨਪ੍ਰੀਤ ਸਿੰਘ ਕੋਲੋਂ 1,00,000 ਰੁਪਏ ਦੀ ਰਕਮ ਬਰਾਮਦ ਹੋਈ ਹੈ, ਜਿਸ ਸਬੰਧੀ ਸ਼ੱਕ ਹੈ ਕਿ ਇਹ ਵੀ ਰਿਸ਼ਵਤ ਦੀ ਰਕਮ ਹੋ ਸਕਦੀ ਹੈ। ਇਸ ਵੱਖਰੀ ਬਰਾਮਦ ਹੋਈ ਰਕਮ ਸਬੰਧੀ ਰੀਡਰ ਹੌਲਦਾਰ ਮਨਪ੍ਰੀਤ ਸਿੰਘ ਦਾ ਰੋਲ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ।DSP ਮੌੜ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Spread the love