ਕੋਟਕਪੂਰਾ ਗੋਲੀਕਾਂਡ: SIT ਨੇ ਪੇਸ਼ ਕੀਤੀ ਦੂਜੀ ਚਾਰਜਸ਼ੀਟ, ਸਾਬਕਾ CM-DGP ਸਮੇਤ 8 ਨੂੰ ਦੱਸਿਆ ਦੋਸ਼ੀ

ਚੰਡੀਗੜ੍ਹ: 2015 ਦੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸੋਮਵਾਰ ਨੂੰ ਪੰਜਾਬ ਪੁਲਿਸ ਦੀ ਐਸਆਈਟੀ ਨੇ ਫਰੀਦਕੋਟ ਅਦਾਲਤ ਵਿੱਚ 2502 ਪੰਨਿਆਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ। ਇਸ ਤੋਂ ਪਹਿਲਾਂ ਇਸ ਸਾਲ 24 ਫਰਵਰੀ ਨੂੰ ਐਸਆਈਟੀ ਵੱਲੋਂ 7000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਜਿਸ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ ਇਲਾਵਾ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਤਤਕਾਲੀ ਡੀਆਈਜੀ ਫਿਰੋਜ਼ਪੁਰ ਅਮਰ ਸਿੰਘ ਚਾਹਲ, ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ, ਤਤਕਾਲੀ ਐਸਐਸਪੀ ਫਰੀਦਕੋਟ ਸੁਖਮੰਦਰ ਸਿੰਘ ਮਾਨ ਅਤੇ ਤਤਕਾਲੀ ਐਸਐਚਓ ਸਿਟੀ ਕੋਟਕਪੂਰਾ ਗੁਰਦੀਪ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਸੀ।

ਇਸ ਤੋਂ ਠੀਕ ਦੋ ਮਹੀਨੇ ਬਾਅਦ 24 ਅਪ੍ਰੈਲ ਨੂੰ ਐਸਆਈਟੀ ਨੇ 2400 ਪੰਨਿਆਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਅਤੇ ਸੋਮਵਾਰ ਨੂੰ 2502 ਪੰਨਿਆਂ ਦੀ ਤੀਜੀ ਚਾਰਜਸ਼ੀਟ ਦਾਇਰ ਕੀਤੀ ਗਈ। ਨਾਮਜ਼ਦ ਮੁਲਜ਼ਮਾਂ ਵਿੱਚ ਸ਼ਾਮਲ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਕਾਰਨ ਸੋਮਵਾਰ ਨੂੰ ਦਾਖ਼ਲ ਚਾਰਜਸ਼ੀਟ ਵਿੱਚ ਮੁਲਜ਼ਮਾਂ ਦੇ ਕਾਲਮ ਨੰਬਰ 2 ਵਿੱਚ ਉਨ੍ਹਾਂ ਦਾ ਨਾਂਅ ਦਰਜ ਕੀਤਾ ਗਿਆ ਹੈ।

ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਸ ਘਟਨਾ ਦੇ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਦਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਤਤਕਾਲੀ ਆਈਜੀ ਉਮਰਾਨੰਗਲ, ਡੀਆਈਜੀ ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਐਸਐਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ ‘ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਦੋਸ਼ ਹੈ।

ਜ਼ਿਕਰ ਕਰ ਦਈਏ ਕਿ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਕਰ ਰਹੀ ਹੈ, ਜਿਸ ਵਿੱਚ ਆਈਜੀ ਰਾਕੇਸ਼ ਅਗਰਵਾਲ ਅਤੇ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਵੀ ਸ਼ਾਮਲ ਹਨ

Spread the love