ਚੈੱਕ ਪੋਸਟ ਅਟਾਰੀ ਵਿਖੇ ਕੰਮ ਕਰਦੇ ਕੁਲੀਆਂ ਵੱਲੋਂ ਹੜਤਾਲ

ਅਟਾਰੀ:ਭਾਰਤ ਪਾਕਿਸਤਾਨ ਸਰਹੱਦ ’ਤੇ ਚੈੱਕ ਪੋਸਟ ਅਟਾਰੀ ਵਿਖੇ ਕੰਮ ਕਰਦੇ ਕੁਲੀਆਂ ਨੇ ਅੱਜ ਹੜਤਾਲ ਕਰ ਦਿੱਤੀ। ਕੁਲੀ ਯੂਨੀਅਨ ਦੇ ਪ੍ਰਧਾਨ ਪਹਿਲਵਾਨ ਮੋਹਣ ਸਿੰਘ ਅਟਾਰੀ, ਬੂਟਾ ਸਿੰਘ ਅਤੇ ਯੂਨੀਅਨ ਦੇ ਨੁਮਾਇਦੇ ਕੁਲੀਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਬੀ.ਐਸ.ਐਫ਼. ਦੀ 168 ਬਟਾਲਿਅਨ ਦੇ ਕੁੱਝ ਜਵਾਨ ਉਨ੍ਹਾਂ ਨੂੰ ਮਾਲ ਦੀ ਢੋਆ ਢੁਆਈ ਕਰਨ ਸਮੇਂ ਗਾਲੀ ਗਲੋਚ ਕਰ ਕੇ ਤੰਗ ਪਰੇਸ਼ਾਨ ਕਰਦੇ ਹਨ। ਉਹ ਕਾਰਨ ਪੁੱਛਦੇ ਹਨ ਤਾਂ ਉਨ੍ਹਾਂ ਨੂੰ ਐਂਟਰੀ ਬੰਦ ਕਰਨ ਜਾਂ ਨੌਕਰੀ ਤੋਂ ਕੱਢਣ ਦੇ ਡਰਾਵੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਉੱਚ ਅਧਿਕਾਰੀਆਂ ਨੂੰ ਦੱਸਦੇ ਹਨ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਇਸ ਸੰਬੰਧੀ ਲੈਂਡ ਪੋਰਟ ਅਥਾਰਟੀ ਦੇ ਮੈਨੇਜਰ ਸ੍ਰੀ ਸਤੀਸ਼ ਧਿਆਨੀ ਨੇ ਗੱਲਬਾਤ ਕਰਦੇ ਦੱਸਿਆ ਹੈ ਕਿ ਕੁਲੀ ਯੂਨੀਅਨ ਦੇ ਪ੍ਰਧਾਨ ਮੋਹਨ ਸਿੰਘ ਵਿਰੁੱਧ ਬੀ.ਐਸ.ਐਫ਼. ਦੀ 168 ਬਟਾਲੀਅਨ ਵਲੋਂ ਲਿਖਤੀ ਦਰਖ਼ਾਸਤ ਦਿੱਤੀ ਗਈ ਹੈ ਕਿ ਉਹ ਡਿਊਟੀ ਕਰ ਰਹੇ ਜਵਾਨਾਂ ਨਾਲ ਮਾੜਾ ਵਤੀਰਾ ਕਰਦਾ ਹੈ ਅਤੇ ਹੁਕਮ ਦੀ ਪਾਲਣਾ ਨਹੀਂ ਕਰਦਾ, ਜਿਸ ਕਾਰਨ ਸਿਰਫ਼ ਇਕ ਕੁਲੀ ਮੋਹਨ ਸਿੰਘ ਦੀ ਹੀ ਐਂਟਰੀ ਬੰਦ ਕੀਤੀ ਗਈ ਹੈ। ਇਕੱਠੇ ਹੋਏ ਕੁਲੀਆਂ ਨੇ ਕਿਹਾ ਕਿ ਯੂਨੀਅਨ ਦੇ ਪ੍ਰਧਾਨ ਮੋਹਨ ਸਿੰਘ ਦੀ ਐਂਟਰੀ ਹੋਵੇਗੀ ਤਾਂ ਹੀ ਉਹ ਅੰਦਰ ਕੰਮ ਕਰਨ ਜਾਣਗੇ। ਕੁਲੀਆਂ ਨੇ ਕਿਹਾ ਕਿ ਬੀ. ਐਸ. ਐਫ਼. ਦੇ ਜਵਾਨ ਪਹਿਲਵਾਨ ਮੋਹਨ ਸਿੰਘ ’ਤੇ ਝੂਠੇ ਦੋਸ਼ ਲਗਾ ਰਹੇ ਹਨ।

Spread the love