ਚੀਨ ਨੇ ਸਾਡੀ ਜ਼ਮੀਨ ਹੜੱਪ ਲਈ, ਪ੍ਰਧਾਨ ਮੰਤਰੀ ਇਸ ਬਾਰੇ ਕੁੱਝ ਬੋਲਣ: ਰਾਹੁਲ ਗਾਂਧੀ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਚੀਨ ਵਲੋਂ ਮਿਆਰੀ ਨਕਸ਼ੇ ਵਿਚ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚਿੰਨ੍ਹ ਨੂੰ ਅਪਣਾ ਹਿੱਸਾ ਦਿਖਾਉਣ ਦਾ ਮਾਮਲਾ ਬਹੁਤ ਗੰਭੀਰ ਹੈ ਪਰ ਚੀਨ ਨੇ ਲੱਦਾਖ ਵਿਚ ਭਾਰਤ ਦੀ ਜ਼ਮੀਨ ਨੂੰ ਪਹਿਲਾਂ ਹੀ ਅਪਣੇ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ‘ਤੇ ਕੁੱਝ ਕਹਿਣਾ ਚਾਹੀਦਾ ਹੈ।

ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, “ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਲੱਦਾਖ ਵਿਚ ਇਕ ਇੰਚ ਵੀ ਜ਼ਮੀਨ ਨਹੀਂ ਗਈ ਹੈ। ਇਹ ਬਿਲਕੁਲ ਝੂਠ ਹੈ। ਪੂਰਾ ਲੱਦਾਖ ਜਾਣਦਾ ਹੈ ਕਿ ਚੀਨ ਨੇ ਸਾਡੀ ਜ਼ਮੀਨ ਹੜੱਪ ਲਈ ਹੈ।” ਉਨ੍ਹਾਂ ਕਿਹਾ, ‘‘ਨਕਸ਼ੇ ਦਾ ਮਾਮਲਾ ਗੰਭੀਰ ਹੈ, ਪਰ ਅਸਲ ਵਿਚ ਚੀਨ ਨੇ ਸਾਡੀ ਜ਼ਮੀਨ ਖੋਹ ਲਈ ਹੈ। ਪ੍ਰਧਾਨ ਮੰਤਰੀ ਨੂੰ ਇਸ ‘ਤੇ ਕੁੱਝ ਕਹਿਣਾ ਚਾਹੀਦਾ ਹੈ।”

ਦਰਅਸਲ ਹਾਲ ਹੀ ‘ਚ ਚੀਨ ਨੇ ਅਧਿਕਾਰਤ ਤੌਰ ‘ਤੇ ਅਪਣੇ ‘ਸਟੈਂਡਰਡ ਮੈਪ’ ਦਾ 2023 ਐਡੀਸ਼ਨ ਜਾਰੀ ਕੀਤਾ ਸੀ, ਜਿਸ ‘ਚ ਅਰੁਣਾਚਲ ਪ੍ਰਦੇਸ਼, ਅਕਸਾਈ ਚੀਨ, ਤਾਈਵਾਨ ਅਤੇ ਵਿਵਾਦਤ ਦੱਖਣੀ ਚੀਨ ਸਾਗਰ ਨੂੰ ਉਸ ਨੇ ਅਪਣੇ ਹਿੱਸੇ ਵਿਚ ਦਿਖਾਇਆ ਹੈ। ਭਾਰਤ ਨੇ ਮੰਗਲਵਾਰ ਨੂੰ ਚੀਨ ਦੇ ਨਕਸ਼ੇ ‘ਚ ਦਿਖਾਏ ਜਾ ਰਹੇ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚਿੰਨ੍ਹ ਦੇ ਸਬੰਧ ‘ਚ ਗੁਆਂਢੀ ਦੇਸ਼ ਦੇ ਦਾਅਵਿਆਂ ਨੂੰ ‘ਬੇਬੁਨਿਆਦ’ ਕਰਾਰ ਦਿਤਾ ਅਤੇ ਕਿਹਾ ਕਿ ਚੀਨੀ ਪੱਖ ਦੀਆਂ ਅਜਿਹੀਆਂ ਹਰਕਤਾਂ ਸਰਹੱਦੀ ਮੁੱਦੇ ਨੂੰ ਹੋਰ ਪੇਚੀਦਾ ਬਣਾਉਣਗੀਆਂ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਚੀਨ ਦੇ ਅਖੌਤੀ ‘ਸਟੈਂਡਰਡ ਮੈਪ’ ਦੇ 2023 ਐਡੀਸ਼ਨ ਬਾਰੇ ਪੁਛੇ ਗਏ ਸਵਾਲਾਂ ‘ਤੇ ਅਪਣੇ ਬਿਆਨ ‘ਚ ਕਿਹਾ, ”ਅਸੀਂ ਕੂਟਨੀਤਕ ਚੈਨਲਾਂ ਰਾਹੀਂ ਚੀਨ ਦੇ ਅਖੌਤੀ ‘ਸਟੈਂਡਰਡ ਮੈਪ’ ਦੇ 2023 ਐਡੀਸ਼ਨ ਦਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ”।

Spread the love