ਕੋਟਕਪੂਰਾ ਗੋਲੀਕਾਂਡ: ਪ੍ਰਦਰਸ਼ਨਕਾਰੀਆਂ ਵਿਰੁਧ ਚਾਰਜਸ਼ੀਟ ਦਾਖਲ ਕਰਨ ਦੀ ਮੰਗ

ਫਰੀਦਕੋਟ: ਸਾਲ 2015 ਦੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ ਦੌਰਾਨ ਕੇਸ ਵਿਚ ਨਾਮਜ਼ਦ ਤਤਕਾਲੀ ਐਸ.ਐਚ.ਓ. ਗੁਰਦੀਪ ਸਿੰਘ ਅਤੇ ਉਸ ਸਮੇਂ ਡਿਊਟੀ ’ਤੇ ਤੈਨਾਤ ਪੁਲਿਸ ਮੁਲਾਜ਼ਮ ਰਸ਼ਪਾਲ ਸਿੰਘ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਨਾਲ ਸਬੰਧਤ ਐਫ.ਆਈ.ਆਰ. ਨੰਬਰ 192 ਵਿਚ ਨਾਮਜ਼ਦ ਪ੍ਰਦਰਸ਼ਨਕਾਰੀਆਂ ਵਿਰੁਧ ਵੀ ਚਾਰਜਸ਼ੀਟ ਦਾਖਲ ਕਰਨ ਦੀ ਮੰਗ ਰੱਖੀ ਹੈ।ਇਸ ਅਰਜ਼ੀ ’ਤੇ ਅਦਾਲਤ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਦਿਤਾ ਹੈ।

ਜਾਣਕਾਰੀ ਅਨੁਸਾਰ ਅਦਾਲਤ ਵਿਚ ਦਿਤੀ ਅਰਜ਼ੀ ਵਿਚ ਤਤਕਾਲੀ ਐਸ.ਐਚ.ਓ. ਗੁਰਦੀਪ ਸਿੰਘ ਨੇ ਕਿਹਾ ਕਿ ਘਟਨਾ ਵਾਲੇ ਦਿਨ ਅਨੇਕਾਂ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਜਖ਼ਮੀ ਹੋਏ ਸਨ, ਜਿਸ ਦੇ ਸਬੰਧ ਵਿਚ ਥਾਣਾ ਸਿਟੀ ਕੋਟਕਪੂਰਾ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵਿਰੁਧ ਕੇਸ ਦਰਜ ਕੀਤਾ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੀ ਹਦਾਇਤ ’ਤੇ ਕੋਟਕਪੂਰਾ ਗੋਲੀਕਾਂਡ ਨਾਲ ਜੁੜੀਆਂ ਦੋਹਾਂ ਐਫ.ਆਈ.ਆਰਜ਼. ਦੀ ਜਾਂਚ ਕਰਨ ਵਾਲੀ ਐਸ.ਆਈ.ਟੀ. ਨੇ ਪੁਲਿਸ ਅਧਿਕਾਰੀਆਂ ਵਿਰੁਧ ਤਾਂ ਚਾਰਜਸ਼ੀਟ ਦਾਖਲ ਕਰ ਦਿਤੀ ਪਰ ਪ੍ਰਦਰਸ਼ਨਕਾਰੀਆਂ ਵਿਰੁਧ ਦਰਜ ਕੇਸ ਵਿਚ ਕੋਈ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ ਹੈ।

ਇਸ ਅਰਜ਼ੀ ’ਤੇ ਅਦਾਲਤ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਕੇਸ ਵਿਚ ਐਸ.ਆਈ.ਟੀ. ਨੇ ਫਰਵਰੀ ਮਹੀਨੇ ਵਿਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਛੇ ਪੁਲਿਸ ਅਧਿਕਾਰਿਆਂ ਵਿਰੁਧ ਚਾਰਜਸ਼ੀਟ ਦਾਖਲ ਕਰ ਦਿਤੀ ਸੀ। ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਬਾਕੀ 7 ਮੁਲਜ਼ਮਾਂ ਵਿਰੁਧ ਹੇਠਲੀ ਅਦਾਲਤ ਵਿਚ ਸੁਣਵਾਈ ਚੱਲ ਰਹੀ ਹੈ।

Spread the love