ਯਾਰੀਆਂ 2’ ਫ਼ਿਲਮ ਦੀ ਟੀਮ ਵਿਰੁਧ ਦਰਜ ਕਰਵਾਇਆ ਮੁਕੱਦਮਾ

ਜਲੰਧਰ: ਗ਼ੈਰ ਕੇਸਾਧਾਰੀ ਅਦਾਕਾਰ ਵਲੋਂ ‘ਕਿਰਪਾਨ’ ਪਾ ਕੇ ਗੀਤ ਫਿਲਮਾਏ ਜਾਣ ਦੇ ਮਾਮਲੇ ਵਿਚ ‘ਯਾਰੀਆਂ 2’ ਫ਼ਿਲਮ ਦੀ ਟੀਮ ਵਿਰੁਧ ਸਿੱਖ ਤਾਲਮੇਲ ਕਮੇਟੀ ਨੇ ਮੁਕੱਦਮਾ ਦਰਜ ਕਰਵਾਇਆ ਹੈ। ਇਸ ਦੇ ਤਹਿਤ ਅਦਾਕਾਰ ਮੀਜ਼ਾਨ ਜਾਫਰੀ, ਡਾਇਰੈਕਟਰ ਰਾਧੀਕਾ ਰਾਓ ਤੇ ਵਿਨੇ ਸਪਰੂ ਅਤੇ ਨਿਰਮਾਤਾ ਭੂਸ਼ਣ ਕੁਮਾਰ ਵਿਰੁਧ ਧਾਰਾ 295-ਏ ਲਗਾਈ ਗਈ ਹੈ।

ਇਹ ਗੀਤ ਟੀ-ਸੀਰੀਜ਼ ਕੰਪਨੀ ਦੇ ਯੂ ਟੀਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਸਬੰਧੀ ਸਿੱਖ ਤਾਲਮੇਲ ਕਮੇਟੀ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਫ਼ਿਲਮ ਦੀ ਟੀਮ ਵਿਰੁਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਦਸਿਆ ਕਿ ਉਨ੍ਹਾਂ ਨੇ ਇਕ ਗੀਤ ਦਾ ਕਲਿੱਪ ਦੇਖਿਆ ਸੀ, ਜਿਸ ’ਚ ਗ਼ੈਰ ਕੇਸਾਧਾਰੀ ਨੌਜਵਾਨ ਅਦਾਕਾਰੀ ਕਰ ਰਿਹਾ ਅਤੇ ਉਸ ਨੇ ਗਾਤਰੇ ਦੇ ਨਾਲ ਸ੍ਰੀ ਸਾਹਿਬ ਪਹਿਨਿਆ ਹੋਇਆ ਹੈ, ਜੋ ਕਿ ਸਿੱਧਾ ਹੀ ਸਿੱਖ ਪ੍ਰੰਪਰਾਵਾਂ ਦੇ ਵਿਰੁਧ ਹੈ।

ਉਨ੍ਹਾਂ ਦਸਿਆ ਕਿ ਜਥੇਬੰਦੀ ਵਲੋਂ ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਅਤੇ ਇਸ ਸਬੰਧੀ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਤੋਂ ਬਾਅਦ ਏ.ਡੀ.ਸੀ.ਪੀ ਸਿਟੀ-1) ਬਲਵਿੰਦਰ ਸਿੰਘ ਅਤੇ ਏ.ਸੀ.ਪੀ (ਕੇਂਦਰੀ) ਨਿਰਮਲ ਸਿੰਘ ਥਾਣੇ ਪਹੁੰਚੇ ਜਿਨ੍ਹਾਂ ਦੀ ਹਦਾਇਤ ’ਤੇ ਥਾਣਾ ਮੁਖੀ ਅਸ਼ੋਕ ਕੁਮਾਰ ਸ਼ਰਮਾ ਨੇ ਜਥੇਬੰਦੀ ਵਲੋਂ ਦਿਤੀ ਸ਼ਿਕਾਇਤ ਅਨੁਸਾਰ ਫ਼ਿਲਮ ਦੇ ਨਿਰਮਾਤਾ, ਅਦਾਕਾਰਾ ਅਤੇ ਗਾਣਾ ਰਿਲੀਜ਼ ਕਰਨ ਵਾਲੀ ਕੰਪਨੀ ਵਿਰੁਧ ਮੁਕੱਦਮਾ ਦਰਜ ਕੀਤਾ ਹੈ।

Spread the love