ESMA ਲਾਗੂ :ਯੂਨੀਅਨ ਦੀ ਅੱਜ ਚੰਡੀਗੜ੍ਹ ‘ਚ ਹੋਵੇਗੀ ਮੀਟਿੰਗਾਂ

ਪੰਜਾਬ ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਖੜਕ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ‘ਚ ਐਸਮਾ ਲਾਉਣ ਮਗਰੋਂ ਯੂਨੀਅਨ ਨੇ ਵੱਡਾ ਐਲਾਨ ਕੀਤਾ ਹੈ। ਦ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਕਿਉਂਕਿ ਉਹ ਪੰਜਾਬ ਦੇ ਪਟਵਾਰੀਆਂ ਤੇ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਖਾਲੀ ਪਈਆਂ ਤਿੰਨ ਹਜ਼ਾਰ ਪਟਵਾਰੀਆਂ ਦੀਆਂ ਅਸਾਮੀਆਂ ਭਰਨ।

ਢੀਂਡਸਾ ਨੇ ਕਿਹਾ ਕਿ ਅੱਜ ਤਿੰਨ ਹਜ਼ਾਰ ਅਸਾਮੀਆਂ ਖਾਲੀ ਹੋਣ ਕਰਕੇ ਪਟਵਾਰੀਆਂ ਨੂੰ ਵਾਧੂ ਕੰਮ ਕਰਨਾ ਪੈ ਰਿਹਾ ਹੈ ਤੇ ਪਟਵਾਰੀ ਸਿਰਫ਼ 167 ਰੁਪਏ ਦਿਹਾੜੀ ਤੇ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨੇ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜੁਲਾਈ 2022 ’ਚ ਪਟਵਾਰੀਆਂ ਨੂੰ ਪੂਰੀ ਤਨਖਾਹ, ਪੁਰਾਣੀ ਪੈਨਸ਼ਨ ਸਕੀਮ ਤੇ ਇਕ ਸਾਲ ਦੀ ਸਿਖਲਾਈ ਦੌਰਾਨ ਤਨਖਾਹ ਦੇਣ ਦਾ ਐਲਾਨ ਕੀਤਾ ਸੀ, ਜੋ ਇੱਕ ਸਾਲ ਬੀਤਣ ’ਤੇ ਵੀ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਉਲੀਕੇ ਪ੍ਰੋਗਰਾਮ ਅਨੁਸਾਰ ਇਕ ਸਤੰਬਰ ਤੋਂ ਕਲਮ ਛੋੜ ਹੜਤਾਲ ਸ਼ੁਰੂ ਕਰੇਗੀ।ਦੱਸ ਦਈਏ ਕਿ ਮਾਲ ਅਫ਼ਸਰ ਤੇ ਡੀਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ‘ਕਲਮ ਛੋੜ’ ਹੜਤਾਲ ਦੇ ਦਿੱਤੇ ਸੱਦੇ ਦਰਮਿਆਨ ਪੰਜਾਬ ਸਰਕਾਰ ਨੇ ਸੂਬੇ ਵਿਚ 31 ਅਕਤੂਬਰ ਤੱਕ ਐਸਮਾ (ਈਸਟ ਪੰਜਾਬ ਅਸੈਂਸ਼ੀਅਲ ਸਰਵਸਿਜ਼ ਮੈਂਟੇਨੈਂਸ ਐਕਟ) ਲਾਗੂ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਐਕਟ ਵਿਚਲੀਆਂ ਵਿਵਸਥਾਵਾਂ ਦੀ ਉਲੰਘਣਾ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੁਕਮਾਂ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਇਨਾਤ ਪਟਵਾਰੀ, ਕਾਨੂੰਗੋ, ਸਰਕਲ ਮਾਲ ਅਫ਼ਸਰ ਤੇ ਡੀਸੀ ਦਫ਼ਤਰਾਂ ਦੇ ਸਾਰੇ ਮੁਲਾਜ਼ਮਾਂ ਨੂੰ ਸਟੇਸ਼ਨ ਨਾ ਛੱਡਣ ਦੀ ਤਾਕੀਦ ਕੀਤੀ ਗਈ ਹੈ।

Spread the love