ਸ਼੍ਰੋਮਣੀ ਕਮੇਟੀ ਨੇ ਕਰਵਾਏ 100 ਸਾਲਾ ਨਾਭਾ ਦਿਵਸ ਨੂੰ ਸਮਰਪਿਤ ਦੁਮਾਲਾ ਤੇ ਦਸਤਾਰ ਮੁਕਾਬਲੇ

ਨਾਭਾ/ਪਟਿਆਲਾ-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ਵਿਚ ਸਿੱਖ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਅਤੇ 100 ਸਾਲਾ ਨਾਭਾ ਦਿਵਸ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਵਿਖੇ ਬੱਚਿਆਂ ਦੇ ਦੁਮਾਲੇ ਤੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਉਚੇਚੇ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਮੇਤ ਸ਼੍ਰੋਮਣੀ ਕਮੇਟੀ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਬੀਬੀ ਹਰਦੀਪ ਕੌਰ ਖੌਖ, ਸ. ਬਲਤੇਜ ਸਿੰਘ ਖੌਖ ਵੱਲੋਂ ਕਰਵਾਏ ਗਏ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ 700 ਦੇ ਕਰੀਬ ਵਿਦਿਆਰਥੀਆਂ ਨੇ ਮੁਕਾਬਲਿਆਂ ਵਿਚ ਹਿੱਸਾ ਲਿਆ, ਜਿਨ੍ਹਾਂ ਨੇ ਸੋਹਣਾ ਦੁਮਾਲਾ ਅਤੇ ਸੋਹਣੀ ਦਸਤਾਰ ਸਜਾ ਕੇ ਨਗਦ ਇਨਾਮ ਰਾਸ਼ੀ ਅਤੇ ਮੈਡਲ ਪ੍ਰਾਪਤ ਕੀਤੇ। ਮੁਕਾਬਲਿਆਂ ਵਿਚ ਪੰਜਵੀਂ, ਛੇਵੀਂ, ਨੌਵੀਂ ਸਮੇਤ ਬਾਹਰਵੀਂ ਤੱਕ ਦੇ ਵਿਦਿਆਰਥੀ ਗਰੁੱਪਾਂ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਨਗਦ ਇਨਾਮ ਹਾਸਲ ਕਰਨ ਵਾਲਿਆਂ ਨੂੰ ਸਨਮਾਨਤ ਵੀ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੁਕਾਬਲਿਆਂ ਵਿਚ ਪੁੱਜੇ ਵਿਦਿਆਰਥੀਆਂ ਦਾ ਜਿਥੇ ਮਾਰਗ ਦਰਸ਼ਨ ਕੀਤਾ, ਉਥੇ ਹੀ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨਾਲ ਸਬੰਧਤ ਇਤਿਹਾਸਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਧਰਮ ਪ੍ਰਤੀ ਦ੍ਰਿੜ੍ਹਤਾ ਰੱਖਣ ਵਾਲੇ ਮਹਾਰਾਜਾ ਰਿਪੁਦਮਨ ਸਿੰਘ ਨੇ ਅੰਗਰੇਜ਼ ਹਕੂਮਤ ਨੂੰ ਢੁਕਵਾਂ ਜਵਾਬ ਦਿੱਤਾ, ਉਥੇ ਹੀ ਸਿੱਖ ਧਰਮ ਅਤੇ ਕੌਮ ਪ੍ਰਤੀ ਕੀਤੀ ਫਰਜ਼ਾਂ ਦੀ ਪਹਿਰੇਦਾਰੀ ਸਾਡੀ ਅਜੌਕੀ ਪੀੜ੍ਹੀ ਨੂੰ ਆਪਣੇ ਧਰਮ ਅਤੇ ਸਿੱਖ ਧਰਮ ਪ੍ਰਤੀ ਨਿਸ਼ਠਾ ਪੈਦਾ ਕਰਨ ਦੀ ਜੀਵਨ ਜਾਂਚ ਪ੍ਰਦਾਨ ਕਰਦੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਨੌਜਵਾਨ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਮਹਾਨ ਤੇ ਵਿਲੱਖਣ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਸ਼ਲਾਘਾਯੋਗ ਹੈ।

ਇਸ ਉਪਰੰਤ ਸ. ਸਤਵਿੰਦਰ ਸਿੰਘ ਟੌਹੜਾ ਅਤੇ ਬੀਬੀ ਹਰਦੀਪ ਕੌਰ ਖੌਖ ਨੇ ਵਿਦਿਆਰਥੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਪੱਛਮੀ ਸੱਭਿਆਚਾਰ ਦਾ ਵੱਡਾ ਪ੍ਰਭਾਵ ਬੱਚਿਆਂ ਵਿਚ ਦਿਖਾਈ ਦੇ ਰਿਹਾ ਹੈ ਅਤੇ ਸਮਾਜ ਵਿਚ ਨਸ਼ੇ ਦੀ ਪ੍ਰਵਿਰਤੀ, ਪਤਿਤਪੁਣੇ ਦਾ ਰੁਝਾਨ ਸਮੇਤ ਅਨੇਕਾਂ ਹੀ ਸਮਾਜਕ ਬੁਰਾਈਆਂ ਦੀ ਲਪੇਟ ਵਿਚ ਸਾਡੀ ਪੀੜ੍ਹੀ ਹੈ, ਜਿਨ੍ਹਾਂ ਨੂੰ ਇਸ ਦਲਦਲ ਤੋਂ ਬਚਾਉਣ ਲਈ ਧਰਮ ਪ੍ਰਚਾਰ ਕਮੇਟੀ ਮਹਾਨ ਉਪਰਾਲੇ ਇਸ ਕਰਕੇ ਕਰ ਰਹੀ ਹੈ ਤਾਂ ਕਿ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਆਏ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਵਿਸ਼ੇਸ਼ ਤੌਰ ’ਤੇ ਸਕੂਲਾਂ ਤੋਂ ਆਏ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ।

ਮੁਕਾਬਲੇ ਦੌਰਾਨ ਪੁੱਜੀਆਂ ਸਖਸ਼ੀਅਤਾਂ ’ਚ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਇੰਚਾਰਜ ਕਰਤਾਰ ਸਿੰਘ, ਹੈਡ ਇੰਚਾਰਜ ਸਰਬਜੀਤ ਸਿੰਘ ਢੋਟੀਆਂ, ਮੈਨੇਜਰ ਗੁਰਲਾਲ ਸਿੰਘ, ਮੈਨੇਜਰ ਕਰਨੈਲ ਸਿੰਘ ਵਿਰਕ, ਡਾਇਰੈਕਟਰ ਡਾ. ਚਮਕੌਰ ਸਿੰਘ, ਡਾ. ਸਤਿੰਦਰ ਸਿੰਘ, ਸੁਪਰਵਾਈਜ਼ਰ ਹਰਮਿੰਦਰ ਸਿੰਘ, ਆਦਿ ਸਮੂਹ ਸਟਾਫ ਦੇ ਅਧਿਕਾਰੀ ਤੇ ਮੈਂਬਰ ਸ਼ਾਮਲ ਸਨ।

Spread the love