ਓਲੰਪੀਅਨ ਪੀਵੀ ਸਿੰਧੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ

ਅੰਮ੍ਰਿਤਸਰ: ਭਾਰਤ ਦੀ ਉੱਘੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਐਤਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਪੀਵੀ ਸਿੰਧੂ ਨੇ ਦੱਸਿਆ ਕਿ ਉਹ ਪਹਿਲੀ ਵਾਰ ਦਰਬਾਰ ਸਾਹਿਬ ਵਿਖੇ ਆਈ ਹੈ। ਇੱਥੇ ਆ ਕੇ ਉਸ ਨੇ ਤਸੱਲੀ ਨਾਲ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਉਸ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ।

ਖਿਡਾਰਨ ਨੇ ਆਖਿਆ ਕਿ ਇੱਥੇ ਪਰਿਕਰਮਾ ਕਰਦਿਆਂ ਲੋਕਾਂ ਵੱਲੋਂ ਉਸ ਨੂੰ ਗੁਰਦੁਆਰੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ। ਉਸ ਨੇ ਕਿਹਾ ਕਿ ਉਹ ਮੁੜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਵੇਗੀ। ਖਿਡਾਰਨ ਨੇ ਇਹ ਆਖਿਆ ਕਿ ਉਸ ਨੂੰ ਇੱਥੋਂ ਦੇ ਲੋਕਾਂ ਦਾ ਰਵੱਈਆ ਬਹੁੰਤ ਚੰਗਾ ਲੱਗਿਆ ਹੈ।

ਆਪਣੀ ਖੇਡ ਬਾਰੇ ਪੀਵੀ ਸਿੰਧੂ ਨੇ ਦੱਸਿਆ ਕਿ ਉਹ ਇਸ ਵੇਲੇ ਓਲੰਪਿਕ ਖੇਡਾਂ ਅਤੇ ਹੋਰ ਟੂਰਨਾਮੈਂਟਾਂ ਦੀ ਤਿਆਰੀ ਕਰ ਰਹੀ ਹੈ।

ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਚਨਾ ਕੇਂਦਰ ਵਿੱਚ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਦਾ ਸਨਮਾਨ ਵੀ ਕੀਤਾ ਗਿਆ। ਪੀਵੀ ਸਿੰਧੂ ਭਾਰਤ ਦੀ ਉੱਘੀ ਮਹਿਲਾ ਬੈਡਮਿੰਟਨ ਖਿਡਾਰਨ ਹੈ, ਜਿਸ ਨੇ ਇਸ ਖੇਤਰ ਵਿੱਚ ਵੱਡਾ ਨਾਮਣਾ ਖੱਟਿਆ। ਉਸ ਨੇ ਦੋ ਵਾਰ ਓਲੰਪਿਕ ਤਗ਼ਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

Spread the love