ਕੈਨੇਡਾ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 419ਵੇਂ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਸ਼ਾਲ ਤੇ ਅਲੋਕਿਕ ਨਗਰ ਕੀਰਤਨ ਸਜਾਏ ਗਏ ਜਿਸ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਗੁਰੂ ਚਰਨਾਂ ਵਿੱਚ ਅਪਣੀ ਹਾਜ਼ਰੀ ਲਵਾਈ।

ਓਂਟਾਰੀਓ ਵਿੱਚ ਵਿਸ਼ੇਸ਼ ਤੌਰ ‘ਤੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਸਵੇਰੇ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਇਸ ਵਿੱਚ ਬਹੁਤ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਨੀਲੀਆਂ ਤੇ ਕੇਸਰੀ ਦਸਤਾਰਾਂ ਸਜਾ ਕੇ ਸ਼ਾਮਲ ਹੋਈਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਬੇਹੱਦ ਖ਼ੂਬਸੂਰਤ ਤਰੀਕੇ ਨਾਲ ਸ਼ੰਗਾਰਿਆ ਗਿਆ ਸੀ। ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਨਾਲ ਚੱਲ ਰਹੀਆਂ ਸਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੰਜਾਬ ਤੋਂ ਪ੍ਰਸਿੱਧ ਵਿਦਵਾਨ ਕਥਾਵਾਚਕ ਕੀਰਤਨੀਏ ਤੇ ਕਵੀਸ਼ਰ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡਮੁਲਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ।

ਇਸੇ ਤਰ੍ਹਾਂ ਕੈਨੇਡਾ ਦੇ ਬ੍ਰਿਟਸ਼ ਕੋਲੰਬਿਆ ਵਿੱਚ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਸਫੋਰਡ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਸੰਗਤਾਂ ਵਧ ਚੜ੍ਹ ਕੇ ਸ਼ਾਮਲ ਹੋਈਆਂ। ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਦੀਵਾਨ ਸਜੇ। ਇਸ ਉਪਰੰਤ 11 ਵਜੇ ਨਗਰ ਕੀਰਤਨ ਦੀ ਅਰੰਭਤਾ ਹੋਈ ਤੇ ਸਾਰਾ ਦਿਨ ਪੂਰਾ ਸ਼ਹਿਰ ਖਾਲਸਾਈ ਰੰਗ ਵਿੱਚ ਰੰਗਿਆ ਨਜ਼ਰ ਆਇਆ। ਵਿਸ਼ੇਸ਼ ਤੌਰ ਤੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ। ਇਸ ਤੋਂ ਇਲਾਵਾ ਵਿਨੀਪੈਗ ‘ਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਮੌਕੇ ਰੌਣਕਾਂ ਵੇਖਿਆਂ ਹੀ ਬਣਦੀਆਂ ਸਨ।

Spread the love