ਨਵਜੋਤ ਸਿੱਧੂ ਨੇ ਕਾਂਗਰਸ ਅਤੇ ਆਪ ਵਿਚਕਾਰ ਸਮਝੌਤੇ ਦੀ ਹਮਾਇਤ ਕੀਤੀ

ਚੰਡੀਗੜ੍ਹ :ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਅਤੇ ਆਪ ਵਿਚਕਾਰ ਸਮਝੌਤੇ ਨੂੰ ਲੈਕੇ ਟਵੀਟ ਕਰਕੇ ਕਿਹਾ ਹੈ ਕਿ ਦੇਸ਼ ਦੇ ਹਿੱਤ ਵਿਚ ਲੋਕ ਸਭਾ ਚੋਣਾਂ ਮਿਲ ਕੇ ਲੜਨੀਆਂ ਪੈਣਗੀਆਂ।

ਸਿੱਧੂ ਨੇ ਟਵੀਟ ਕਰਕੇ ਲਿੱਖਿਆ ਹੈ- ਪਾਰਟੀ ਹਾਈ ਕਮਾਂਡ ਦਾ ਫੈਸਲਾ ਸਰਵਉੱਚ ਹੈ। ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉਪਰ ਰੱਖਿਆ ਜਾਣਾ ਚਾਹੀਦਾ ਹੈ। ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਲੜੀਆਂ ਜਾਂਦੀਆਂ, ਅਗਲੀਆਂ ਪੀੜ੍ਹੀਆਂ ਲਈ ਲੜੀਆਂ ਜਾਂਦੀਆਂ ਹਨ।

ਦੱਸਣਯੋਗ ਹੈ ਕਿ ਹਾਲ ਹੀ ਵਿਚ ਵਿੱਤ ਮੰਤਰੀ ਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਰਾਜ ਵਿਚ ਸੰਸਦੀ ਚੋਣਾਂ ਕਾਂਗਰਸ ਨਾਲ ਗੱਠਜੋੜ ਕਰ ਕੇ ਲੜੇਗੀ ਤਾਂ ਕਿ ਮੁਲਕ ਨੂੰ ਬਚਾਇਆ ਜਾ ਸਕੇ।

ਪੰਜਾਬ ਕਾਂਗਰਸ ਭਵਨ ਵਿਚ ਕੱਲ੍ਹ ਹੋਈ ਪਾਰਟੀ ਆਗੂਆਂ ਤੇ ਸੀਨੀਅਰ ਕਾਂਗਰਸ ਨੇਤਾਵਾਂ ਦੀ ਇਕ ਮੀਟਿੰਗ ਵਿਚ ਮੌਜੂਦ ਸਾਰਿਆਂ ਨੇ ‘ਆਪ’ ਨਾਲ ਗੱਠਜੋੜ ਦਾ ਵਿਰੋਧ ਕੀਤਾ। ਪੰਜਾਬ ਕਾਂਗਰਸ ਦੇ ਨੇਤਾਵਾਂ ਨੇ ਕਿਹਾ ਕਿ 16 ਸਤੰਬਰ ਨੂੰ ਹੈਦਰਾਬਾਦ ਵਿਚ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਨਾਲ ਹੋਣ ਵਾਲੀ ਪਾਰਟੀ ਬੈਠਕ ਵਿਚ ਇਹ ਮੁੱਦਾ ਚੁੱਕਿਆ ਜਾਵੇ।

ਵੜਿੰਗ ਨੇ ਕਿਹਾ ਕਿ ਫ਼ਿਲਹਾਲ ਇਸ ਬਾਰੇ ਉਨ੍ਹਾਂ ਕੋਈ ਮਤਾ ਪਾਸ ਨਹੀਂ ਕੀਤਾ ਹੈ, ਪਰ ਆਗੂਆਂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਹਾਈ ਕਮਾਨ ਨੂੰ ਇਸ ਬਾਰੇ ਜਾਣੂ ਕਰਾਇਆ ਜਾਵੇ।

Spread the love