ਪੰਜਾਬ ਚ ਜੀਐੱਸਟੀ ਵਸੂਲੀ 28.2 ਫ਼ੀਸਦੀ ਵਧੀ :ਚੀਮਾ

ਚੰਡੀਗੜ੍ਹ :ਪੰਜਾਬ ਵਿਚ ਜੀਐੱਸਟੀ ਵਸੂਲੀ 28.2 ਫ਼ੀਸਦੀ ਵਧੀ ਹੈ। ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਸਤੂ ਤੇ ਸੇਵਾਵਾਂ ਕਰ (GST) ਦੇ ਮਾਲੀਏ ਵਿਚ ਵਿੱਤੀ ਵਰ੍ਹੇ 2023-24 ਦੇ ਪਹਿਲੇ ਪੰਜ ਮਹੀਨਿਆਂ ਦੌਰਾਨ 28.2 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਵਿੱਤੀ ਵਰ੍ਹੇ 2022-23 ਦੇ ਪਹਿਲੇ ਪੰਜ ਮਹੀਨਿਆਂ ਦੌਰਾਨ GST ਤੋਂ ਇਕੱਤਰ ਕੀਤੇ ਗਏ ਕੁੱਲ 6648.89 ਕਰੋੜ ਰੁਪਏ ਦੇ ਮਾਲੀਏ ਦੇ ਮੁਕਾਬਲੇ ਮੌਜੂਦਾ ਵਿੱਤੀ ਵਰ੍ਹੇ ’ਚ ਅਗਸਤ ਮਹੀਨੇ ਦੇ ਅੰਤ ਤੱਕ ਕੁੱਲ 8524.17 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ ਹੈ।

ਇਸ ਤਰ੍ਹਾਂ ਸਿਰਫ਼ GST ਤੋਂ ਹੀ ਬੀਤੇ ਵਿੱਤੀ ਵਰ੍ਹੇ ਦੇ ਮੁਕਾਬਲੇ 1875.28 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਤਰ ਕੀਤਾ ਗਿਆ। ਚੀਮਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2022-23 ਦੇ ਮੁਕਾਬਲੇ ਵਿੱਤੀ ਵਰ੍ਹੇ 2023-24 ਦੌਰਾਨ GST ਆਬਕਾਰੀ, ਵੈਟ, ਸੀਐਸਟੀ ਅਤੇ ਪੀਐਸਡੀਟੀ ਤੋਂ ਇਕੱਤਰ ਕੁੱਲ ਮਾਲੀਏ ’ਚ 17.49 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ।

ਵਿੱਤੀ ਵਰ੍ਹੇ 2022-23 ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਉਪਰੋਕਤ ਵਸੀਲਿਆਂ ਤੋਂ ਕੁੱਲ 13116.36 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ ਜਦੋਂ ਕਿ ਮੌਜੂਦਾ ਵਿੱਤੀ ਵਰ੍ਹੇ ਦੌਰਾਨ 2293.67 ਕਰੋੜ ਰੁਪਏ ਦਾ ਵਾਧਾ ਦਰਜ ਕਰਦਿਆਂ ਕੁੱਲ 15410.03 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।

Spread the love