ਪੰਜਾਬ ਪੁਲਿਸ ਵਿੱਚ ਟਰਾਂਸਜੈਂਡਰ ਦੀ ਭਰਤੀ ਨੂੰ ਹਰੀ ਝੰਡੀ

ਚੰਡੀਗੜ੍ਹ :ਪੰਜਾਬ ਪੁਲਿਸ ਦੀ ਅਗਲੀ ਭਰਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇਤਿਹਾਸਕ ਫੈਸਲਾ ਲਿਆ ਹੈ। ਪੰਜਾਬ ਪੁਲਿਸ ਵਿੱਚ ਹੁਣ ਟਰਾਂਸਜੈਂਡਰ ਵੀ ਭਰਤੀ ਹੋਣਗੇ। ਭਵਿੱਖ ’ਚ ਪੰਜਾਬ ਪੁਲੀਸ ’ਚ ਭਰੀਆਂ ਜਾਣ ਵਾਲ਼ੀਆਂ ਅਸਾਮੀਆਂ ਲਈ ਟਰਾਂਸਜੈਂਡਰ ਵੀ ਅਪਲਾਈ ਕਰ ਸਕਣਗੇ। ਇਸ ਦੌਰਾਨ ਵਿੱਦਿਅਕ ਯੋਗਤਾ ਤਾਂ ਸਾਰੇ ਵਰਗਾਂ ਲਈ ਬਰਾਬਰ ਹੋਵੇਗੀ। ਭਾਵ ਕਿ ਜੋ ਵਿੱਦਿਅਕ ਯੋਗਤਾ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਲਈ ਨਿਰਧਾਰਤ ਹੋਵੇਗੀ, ਉਹੀ ਟਰਾਂਸਜੈਂਡਰਾਂ ‘ਤੇ ਵੀ ਲਾਗੂ ਹੋਵੇਗੀ ਜਦਕਿ ਟਰਾਂਸਜੈਂਡਰਾਂ ਦੀ ਸਰੀਰਕ ਮਾਪ ਅਤੇ ਫਿਜ਼ੀਕਲ ਸਕਰੀਨਿੰਗ ਸਬੰਧੀ ਟੈਸਟ ਮਹਿਲਾ ਉਮੀਦਵਾਰਾਂ ਦੀ ਤਰਜ਼ ’ਤੇ ਹੋਣਗੇ।

ਇਨ੍ਹਾਂ ਨੂੰ ਜਾਤੀ ਸਬੰਧੀ ਰਾਖਵਾਂਕਰਨ ਵੀ ਮਿਲੇਗਾ, ਜੋ ਇਨ੍ਹਾਂ ਦੇ ਜਨਮਦਾਤਾ ਪਰਿਵਾਰ ਦੀ ਜਾਤੀ ’ਤੇ ਆਧਾਰਿਤ ਹੋਵੇਗਾ। ਉਂਜ ਹੈਡੀਕੈਪਡ ਤੇ ਹੋਰ ਵਰਗਾਂ ਦੀ ਤਰਾਂ ਹੀ ਟਰਾਂਸਜੈਂਡਰਾਂ ਦਾ ਵੀ ਕੋਟਾ ਤੈਅ ਹੋਵੇਗਾ। ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਹਾਲ ਹੀ ’ਚ ਸਟੈਂਡਿੰਗ ਆਰਡਰ ਜਾਰੀ ਕੀਤੇ ਗਏ ਹਨ।

ਇਹ ਮੰਗ ਵਿਛਲੇ ਕਾਫ਼ੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ। ਤੀਸਰੇ ਲਿੰਗ ਯਾਨੀ ਟਰਾਂਸਜੈਂਡਰ ਵੀ ਹਰ ਥਾਂ ਅਤੇ ਹਰ ਵਿਭਾਗ ਵਿੱਚ ਆਪਣਾ ਹੱਕ ਮੰਗ ਰਹੇ ਸਨ। ਇਸ ਦੌਰਾਨ ਹੁਣ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿੱਚ ਟਰਾਂਸਜੈਂਡਰਾਂ ਨੂੰ ਭਰਤੀ ਕਰਨ ਦਾ ਐਲਾਨ ਕਰਕੇ ਇਤਿਹਾਸਕ ਫੈਸਲਾ ਲਿਆ ਹੈ।

Spread the love