ਗੁਰਦੁਆਰਾ ਨਾਢਾ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਹੋਵੇਗਾ ਸਿੱਧਾ ਪ੍ਰਸਾਰਨ

ਪੰਚਕੂਲਾ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਤੋਂ ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਤੋਂ ਰੋਜ਼ਾਨਾ ਦੁਨੀਆ ਭਰ ‘ਚ ਇਸ ਦਾ ਸਿੱਧਾ ਪ੍ਰਸਾਰਨ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਰਮਨੀਕ ਸਿੰਘ ਨੇ ਦੱਸਿਆ,‘ਕਮੇਟੀ ਦਾ ਚਾਰਜ ਸੰਭਾਲਣ ਤੋਂ ਬਾਅਦ ਅਸੀਂ ਪਹਿਲਾ ਫੈਸਲਾ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਤੋਂ ਸਿੱਧਾ ਪ੍ਰਸਾਰਨ ਸ਼ੁਰੂ ਕਰਨ ਦਾ ਹੈ, ਜੋ ਸੋਮਵਾਰ ਤੋਂ ਸ਼ੁਰੂ ਹੋਇਆ ਹੈ। ਗੁਰਬਾਣੀ ਦਾ ਹੁਣ ਵਿਸ਼ਵ ਪੰਜਾਬੀ ਟੀਵੀ ਰਾਹੀਂ ਦੁਨੀਆ ਭਰ ਦੇ 63 ਦੇਸ਼ਾਂ ਵਿੱਚ ਤੜਕੇ 2.45 ਵਜੇ ਤੋਂ ਸਵੇਰੇ 8 ਵਜੇ ਤੱਕ ਸਿੱਧਾ ਪ੍ਰਸਾਰਨ ਕੀਤਾ ਜਾ ਰਿਹਾ ਹੈ ਅਤੇ ਇਹ ਸਾਰੇ ਪ੍ਰਮੁੱਖ ਪਲੇਟਫਾਰਮਾਂ ‘ਤੇ ਉਪਲਬਧ ਹੈ। ਗੁਰਬਾਣੀ ਦਾ ਪ੍ਰਸਾਰਨ ਕਮੇਟੀ ਦੇ ਸੋਸ਼ਲ ਮੀਡੀਆ ਪੇਜ ਅਤੇ ਯੂਟਿਊਬ ਚੈਨਲ ‘ਤੇ ਵੀ ਕੀਤਾ ਜਾਵੇਗਾ। ਹਾਲਾਂਕਿ ਅਧਿਕਾਰ ਐੱਚਐੱਸਜੀਐੱਮਸੀ ਕੋਲ ਰਹਿਣਗੇ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਦੇ ਸਿੱਧਾ ਪ੍ਰਸਾਰਨ ਲਈ 24 ਜੁਲਾਈ ਨੂੰ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ’ ਨਾਂ ਦਾ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ।

Spread the love