ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਇੰਚਾਰਜ ਨਿਯੁਕਤ ਕੀਤੇ

ਚੰਡੀਗੜ੍ਹ,: ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਂ ਲੋਕ ਸਭਾ ਹਲਕਿਆਂ ਦੇ ਇੰਚਾਰਜ ਅਤੇ ਚਾਰ ਵਿਧਾਨ ਸਭਾ ਹਲਕਿਆਂ ਦੇ ਮੁੱਖ ਸੇਵਾਦਾਰ ਨਿਯੁਕਤ ਕਰ ਦਿੱਤੇ ਹਨ| ਇਹਨਾਂ ਇੰਚਾਰਜਾਂ ਆਪੋ-ਆਪਣੇ ਹਲਕਿਆਂ ਵਿੱਚ ਪ੍ਰਚਾਰ ਮੁਹਿੰਮ ਤੇ ਤਾਲਮੇਲ ਦਾ ਕੰਮ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਬਾਰੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ, ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਨਿਲ ਜੋਸ਼ੀ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ, ਗੁਲਜ਼ਾਰ ਸਿੰਘ ਰਣੀਕੇ ਨੂੰ ਗੁਰਦਾਸਪੁਰ, ਡਾ. ਸੁਖਵਿੰਦਰ ਸੁੱਖੀ ਨੂੰ ਜਲੰਧਰ, ਜਨਮੇਜਾ ਸਿੰਘ ਸੇਖੋਂ ਨੂੰ ਫਿਰੋਜ਼ਪੁਰ, ਸਿਕੰਦਰ ਸਿੰਘ ਮਲੂਕਾ ਨੂੰ ਫਰੀਦਕੋਟ ਤੇ ਇਕਬਾਲ ਸਿੰਘ ਝੂੰਦਾਂ ਨੂੰ ਸੰਗਰੂਰ ਦਾ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚਾਰ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਲਗਾਏ ਗਏ ਹਨ। ਇਨ੍ਹਾਂ ਵਿੱਚ ਹਰਿੰਦਰ ਸਿੰਘ ਮਹਿਰਾਜ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ, ਅਰਵਿੰਦਰ ਸਿੰਘ ਰਸੂਲਪੁਰ ਉੜਮੁੜ ਨੂੰ ਟਾਂਡਾ, ਕਬੀਰ ਦਾਸ ਨੂੰ ਸ਼ੁਤਰਾਣਾ ਤੇ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਹੁਸ਼ਿਆਰਪੁਰ ਦਾ ਮੁੱਖ ਸੇਵਾਦਾਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਐੱਨ.ਕੇ. ਸ਼ਰਮਾ ਨੂੰ ਲੁਧਿਆਣਾ ਸ਼ਹਿਰੀ ਤੇ ਤੀਰਥ ਸਿੰਘ ਮਾਹਲਾ ਨੂੰ ਲੁਧਿਆਣਾ ਦਿਹਾਤੀ ਦਾ ਇੰਚਾਰਜ ਲਗਾਇਆ ਗਿਆ ਹੈ।

Spread the love