ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਵਲੋਂ 2015 ਵਿਚ ਪਾਸ ਕੀਤੇ ਬਿਲ ਮੁਤਾਬਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਵੱਖ ਕੀਤੀ ਹਰਿਆਣਾ ਦੇ ਸਿੱਖਾਂ ਵਾਸਤੇ ਵਖਰੀ ਕਮੇਟੀ ਦੀਆਂ ਪਹਿਲੀ ਵਾਰੀ ਚੋਣਾਂ ਕਰਵਾਉਣ ਲਈ ਸਿੱਖ ਲੜਕੇ ਅਤੇ ਲੜਕੀਆਂ ਦੀਆਂ ਵੋਟਰ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਸ ਵਿਚ ਘੱਟ ਤੋਂ ਘੱਟ ਉਮਰ 1 ਜਨਵਰੀ 2023 ਨੂੰ 18 ਸਾਲ ਦੀ ਤੈਅ ਕੀਤੀ ਹੈ। ਸਿੱਖ ਗੁਰਦਵਾਰਾ ਐਕਟ 1925 ਮੁਤਾਬਕ ਸਿੱਖ ਵੋਟਰ ਦੀ ਘੱਟੋ ਘੱਟ ਉਮਰ 21 ਸਾਲ ਰੱਖੀ ਹੋਈ ਹੈ।

ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਚੋਣਾਂ ਪਿਛਲੇ 98 ਸਾਲ ਤੋਂ 21 ਸਾਲਾਂ ਤੋਂ ਵੱਧ ਉਮਰ ਦੇ ਸਿੱਖ ਵੋਟਰਾਂ ਵਲੋਂ ਹੀ ਪਾਈਆਂ ਗਈਆਂ ਹਨ। ਹਰਿਆਣਾ ਦੇ ਗੁਰਦਵਾਰਾ ਚੋਣਾਂ ਦੇ ਕਮਿਸ਼ਨਰ ਜਸਟਿਸ ਐਚ.ਐਸ. ਭੱਲਾ ਨੇ ਅਖ਼ਬਾਰਾਂ ਵਿਚ ਦਿਤੇ ਇਸ਼ਤਿਹਾਰਾਂ ਰਾਹੀਂ ਉਮਰ ਦੀ ਸ਼ਰਤ 18 ਸਾਲ ਰੱਖਣ ਤੋਂ ਇਲਾਵਾ ਸਿੱਖ ਵੋਟਰ ਲਈ ਪਤਿਤ ਨਾ ਹੋਣਾ, ਦਾੜ੍ਹੀ ਕੇਸ ਨਾ ਕੱਟਣ, ਤਮਾਕੂ, ਕੁੱਠਾ ਹਲਾਲ ਮੀਟ, ਸ਼ਰਾਬ ਦਾ ਸੇਵਨ ਆਦਿ ਨਾ ਕਰਨ ਦੀ ਕਰੜੀ ਸ਼ਰਤ ਵੀ ਗੁਰਦਵਾਰਾ ਐਕਟ ਅਨੁਸਾਰ ਰੱਖੀ ਹੈ। ਵੋਟਰ ਲਿਸਟਾਂ 30 ਸਤੰਬਰ ਤਕ ਬਣਨੀਆਂ ਹਨ।

Spread the love