ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਸੇਬ ਵਪਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ: ਤਰੁਣ ਚੁੱਘ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਬੁੱਧਵਾਰ ਨੂੰ ਮੀਡੀਆ ‘ਚ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਉਮਰ ਅਬਦੁੱਲਾ ਅਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਰਾਮਦ ਕੀਤੇ ਸੇਬਾਂ ‘ਤੇ ਵਾਧੂ ਡਿਊਟੀ ‘ਤੇ ਕੇਂਦਰ ਦੇ ਫੈਸਲੇ ਦੀ ਗਲਤ ਵਿਆਖਿਆ ਕਰਕੇ ਭੰਬਲਭੂਸਾ ਪੈਦਾ ਕੀਤਾ ਹੈ। ਉਨ੍ਹਾਂ ਨੇ ਜਾਣਬੁੱਝ ਕੇ ਸੇਬ ਉਤਪਾਦਕਾਂ ਨੂੰ ਇਕ ਸਾਜ਼ਸ਼ ਤਹਿਤ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਨੂੰ ਅਜਿਹੀ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਚੁੱਘ ਨੇ ਸਪੱਸ਼ਟ ਕੀਤਾ ਕਿ ਭਾਰਤ ਨੇ ਕੁੱਝ ਖਾਸ ਕਾਰਨਾਂ ਕਰਕੇ ਅਮਰੀਕਾ ‘ਤੇ ਵਾਧੂ ਡਿਊਟੀ ਲਗਾਈ ਸੀ, ਜੋ ਕਿ ਕਾਰਨ ਖਤਮ ਹੋਣ ਤੋਂ ਬਾਅਦ ਹੁਣ ਵਾਪਸ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸੇਬ ਅਤੇ ਅਖਰੋਟ ’ਤੇ 50 ਫੀ ਸਦੀ ਅਤੇ 100 ਫੀ ਸਦੀ ਦੀ ‘ਮੋਸਟ ਫੇਵਰਡ ਨੇਸ਼ਨ’ (ਐਮ.ਐਫ.ਐਨ.) ਡਿਊਟੀ ਲਾਗੂ ਰਹੇਗੀ ਕਿਉਂਕਿ ਸਿਰਫ 20 ਫੀ ਸਦੀ ਵਾਧੂ ਡਿਊਟੀ ਹਟਾਈ ਗਈ ਹੈ। ਚੁੱਘ ਨੇ ਕਿਹਾ ਕਿ ਅਮਰੀਕੀ ਸੇਬ ਅਤੇ ਅਖਰੋਟ ਦੇ ਆਯਾਤ ‘ਤੇ ਵਾਧੂ ਜਵਾਬੀ ਟੈਰਿਫ ਨੂੰ ਹਟਾਉਣ ਨਾਲ ਘਰੇਲੂ ਸੇਬ ਉਤਪਾਦਕਾਂ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ।

ਚੁੱਘ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਇਸ ਮੁੱਦੇ ‘ਤੇ ਵਣਜ ਮੰਤਰੀ ਪਿਊਸ਼ ਗੋਇਲ ਅਤੇ ਵਣਜ ਮੰਤਰਾਲੇ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਡਿਊਟੀ ਨੂੰ ਹਟਾਉਣ ਨਾਲ ਵਪਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਸਗੋਂ ਸਾਰੇ ਨਿਰਯਾਤ ਕਰਨ ਵਾਲੇ ਦੇਸ਼ਾਂ ਦਾ ਸਿਹਤਮੰਦ ਮੁਕਾਬਲਾ ਵਧੇਗਾ। ਵਿਰੋਧੀ ਧਿਰ ‘ਤੇ ਤੰਜ਼ ਕੱਸਦਿਆਂ ਚੁੱਘ ਨੇ ਕਿਹਾ ਕਿ ਵਿਰੋਧੀ ਕਾਰੋਬਾਰੀਆਂ ਨੂੰ ਗੁੰਮਰਾਹ ਕਰਨ ਦੀ ਘਟੀਆ ਰਾਜਨੀਤੀ ਅਤੇ ਜਨਤਾ ਨੂੰ ਗੁੰਮਰਾਹ ਕਰਨਾ ਬੰਦ ਕਰੇ।ਕਰਨਾ ਬੰਦ ਕਰੇ।

Spread the love