CM ਭਗਵੰਤ ਮਾਨ ਅਤੇ ਕੇਜਰੀਵਾਲ ਨੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਕੀਤਾ ਉਦਘਾਟਨ

ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਛੇਹਰਟਾ ਐਮੀਨੈਂਸ ਸਕੂਲ ਦਾ ਦੌਰਾ ਕਰਨ ਉਪਰੰਤ ਉਹ ਰਣਜੀਤ ਐਵੀਨਿਊ ਰੈਲੀ ਵਾਲੀ ਥਾਂ ਪੁੱਜੇ, ਜਿਥੇ ਪੰਜਾਬ ਵਿਚ ਸਿੱਖਿਆ ਦੀ ਕ੍ਰਾਂਤੀ ਦਾ ਐਲਾਨ ਕੀਤਾ ਗਿਆ।

ਰੈਲੀ ਦੌਰਾਨ ਸਿੱਖਿਆ ਵਿਭਾਗ ਨਾਲ ਬੀ.ਐਸ.ਐਨ.ਐਲ. ਅਤੇ ਆਈ.ਬੀ.ਐਮ. ਦੇ ਐਮ.ਓ.ਯੂ. ਸਾਈਨ ਕੀਤੇ ਗਏ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਸਿੱਖਿਆ ਹਾਸਲ ਕਰਨਗੇ। ਦਸੰਬਰ ਤਕ ਪੰਜਾਬ ਦੇ ਹਰ ਸਕੂਲ ਨੂੰ ਹਾਈ ਸਪੀਡ ਇੰਟਰਨੈੱਟ ਅਤੇ ਵਾਈ.ਫਾਈ. ਨਾਲ ਜੋੜਿਆ ਜਾਵੇਗਾ।

ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਕੂਲ ਆਫ ਐਮੀਨੈਂਸ ਸ਼ੁਰੂ ਕਰਨ ‘ਤੇ ਵਧਾਈ ਦਿਤੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ‘ਵਨ ਨੇਸ਼ਨ ਵਨ ਇਲੈਕਸ਼ਨ’ ਦਾ ਸਮਰਥਨ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ‘ਵਨ ਨੇਸ਼ਨ ਵਨ ਇਲੈਕਸ਼ਨ’ ਕਦੇ ਵੀ ਨਹੀਂ ਹੋਣ ਦਿਤੀ ਜਾਣੀ ਚਾਹੀਦੀ। ਉਹ ਦੇਸ਼ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਨੇਤਾ ਚੋਣਾਂ ਤੋਂ ਡਰਦੇ ਹਨ, ਉਹ ਇਨ੍ਹਾਂ ਚੋਣਾਂ ਨੂੰ ਖਤਮ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਆਫ਼ ਐਮੀਨੈਂਸ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਵਧੀਆ ਹੈ। ਅੱਜ ਤੋਂ ਪੰਜਾਬ ਵਿਚ ਸੱਭ ਕੁੱਝ ਬਦਲ ਜਾਵੇਗਾ। ਮਾਪੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿਚੋਂ ਅਪਣੇ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲ ਵਿਚ ਭੇਜਣਗੇ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਅੱਜ ਤੋਂ ਇਕ ਜੱਜ ਅਤੇ ਇਕ ਰਿਕਸ਼ੇ ਵਾਲੇ ਦਾ ਬੱਚਾ ਇਕ ਬੈਂਚ ‘ਤੇ ਬੈਠ ਕੇ ਪੜ੍ਹਨਗੇ। ਇਹ ਸੱਭ ਕੁੱਝ 70-75 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਅੱਜ ਇਹ ‘ਆਪ’ ਦੀ ਕ੍ਰਾਂਤੀ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਬੱਚਾ ਹੁਣ ਇਸ ਕਰਕੇ ਪੜ੍ਹਾਈ ਤੋਂ ਵਾਂਝਾ ਨਹੀਂ ਰਹੇਗਾ ਕਿ ਉਸ ਨੂੰ ਪੜ੍ਹਨ ਜਾਣ ਲਈ ਸਾਧਨ ਨਹੀਂ ਮਿਲਿਆ। ਅਸੀਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਟਰਾਂਸਪੋਰਟ ਦੀ ਸਹੂਲਤ ਦਿਤੀ ਹੈ।

Spread the love