Chandigarh:– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦੋ ਦਿਨ ਪਹਿਲੇ ਅੰਮ੍ਰਿਤਸਰ ਪਹੁੰਚ ਕੇ ਪੰਜਾਬ ਦੇ ਪਹਿਲੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ ਸੀ ਜਿਸ ਉੱਤੇ ਲਗਾਤਾਰ ਹੀ ਸਿਆਸਤ ਗਰਮਾਈ ਹੋਈ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਅਵਾ ਕੀਤਾ ਗਿਆ ਆਮ ਪਾਰਟੀ ਆਦਮੀ ਦੀ ਸਰਕਾਰ ਵੱਲੋਂ ਜੋ ਅੰਮ੍ਰਿਤਸਰ ਸ਼ਹਿਰ ਦੇ ਛੇਹਰਟਾ ਖੇਤਰ ਚ ਪਹਿਲਾ ਸਕੂਲ ਆਫ਼ ਐਮੀਨੈਂਸ ਬਣਾਇਆ ਗਿਆ ਹੈ ਇਸ ਵਿੱਚ ਚੰਗੀ ਸਿਖਿਆ ਦੇਣ ਲਈ ਵਿਸ਼ਵ ਪ੍ਰਸਿੱਧ ਸਹੂਲਤਾਂ ਦਿੱਤੀਆਂ ਗਈਆਂ ਹਨ ਜੋ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪੰਜਾਬ ਦੇ ਲੋਕਾਂ ਨਾਲ ਗਰੰਟੀਆਂ ਦੇ ਰੂਪ ਚ ਕੀਤੀਆਂ ਗਈਆਂ ਸਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੇਹਰਟਾ ਸਕੂਲ ਨੂੰ ਐਮੀਨੈਂਸ ਸਕੂਲ ਦਾ ਦਰਜਾ ਦੇਣ ਸੰਬੰਧੀ ਕੀਤੇ ਐਲਾਨਾਂ ਦੇ ਚੰਦ ਮਿੰਟ ਬਾਅਦ ਹੀ ਸਭ ਤੋਂ ਪਹਿਲਾਂ ਇਸ ਮੁੱਦੇ ਉੱਤੇ ਸਵਾਲ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਉਠਾਏ ਗਏ |ਆਪ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਦੀ ਪੋਸਟ ਦਾ ਜਵਾਬ ਦਿੰਦਿਆਂ ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਾਅਵਾ ਕੀਤਾ ਕਿ ਇਹ ਸਕੂਲ ਪਹਿਲਾਂ ਤੋਂ ਤਿਆਰ ਸੀ ਬਸ ਥੋੜ੍ਹੀ ਮੁਰੰਮਤ ਕਰਵਾ ਕੇ ਮਾਨ ਸਰਕਾਰ ਆਪਣਾ ਟੈਗ ਲਗਾ ਰਹੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਦਾਅਵਾ ਡਾਕਟਰ ਇੰਦਰਬੀਰ ਨਿੱਜਰ ਵੱਲੋ ਆਪਣੇ ਫੇਸਬੁੱਕ ਪੇਜ਼ ਉਤੇ ਪੋਸਟ ਕੀਤੀ ਇੱਕ ਪੋਸਟ ਦੇ ਜਵਾਬ ਚ ਦਿੱਤਾ | ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪੋਸਟ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਅੰਮ੍ਰਿਤਸਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪਹਿਲੇ ਸਕੂਲ ਆਫ਼ ਐਮੀਨੈਂਸ ਦੀ ਸਥਾਪਨਾ ਸੰਬੰਧੀ ਵੱਡੇ ਸਵਾਲ ਖੜ੍ਹੇ ਕਰਕੇ ਭਗਵੰਤ ਮਾਨ ਨੂੰ ਚੁਨੌਤੀ ਦਿੱਤੀ ਹੈ ਉਹ ਸਾਬਤ ਕਰਨ ਇਹ ਸਕੂਲ ਉਨ੍ਹਾਂ ਦੀ ਸਰਕਾਰ ਵੱਲੋਂ ਬਣਾਇਆ ਗਿਆ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ,ਸੁਖਬੀਰ ਬਾਦਲ ਅਤੇ ਗੁਰਜੀਤ ਔਜਲਾ ਨੇ ਦਾਅਵੇ ਕੀਤੇ ਹਨ ਇਸ ਸਕੂਲ ਦੀ ਉਸਾਰੀ ਬਹੁਤ ਸਮਾਂ ਪਹਿਲਾਂ ਹੋ ਚੁੱਕੀ ਸੀ ਜਿਸ ਨੂੰ ਮੌਕੇ ਦੀ ਸਰਕਾਰਾਂ ਵੱਲੋਂ ਫੰਡ ਦਿੱਤੇ ਗਏ। ਮੌਜੂਦਾ ਸਰਕਾਰ ਦਾ ਇਸ ਸਕੂਲ ਨੂੰ ਬਣਾਉਣ ਚ ਕੋਈ ਅਹਿਮ ਯੋਗਦਾਨ ਨਹੀਂ ਹੈ ਉਹ ਕੇਵਲ ਪਹਿਲਾਂ ਕਰਵਾਏ ਗਏ ਕੰਮਾਂ ਦਾ ਕਰੈਡਿਟ ਲੈ ਰਹੀ ਹੈ। ਆਓ ਹੁਣ ਜਾਣਦੇ ਹਾਂ ਸਭ ਇਸ ਵਿਵਾਦ ਚ ਕਿਸ ਨੇ ਕੀ ਕਿਹਾ
MLA ਡਾਕਟਰ ਇੰਦਰਬੀਰ ਨਿੱਜਰ
ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਬਾਰੇ ਡਾਕਟਰ ਇੰਦਰਬੀਰ ਨਿੱਜਰ ਵੱਲੋ ਆਪਣੇ ਇੱਕ ਫੇਸਬੁੱਕ ਪੇਜ਼ ਉਤੇ ਪੋਸਟ ਲਿਖਿਆ
ਪੰਜਾਬ ਦੀ ਸਿਖਿਆ ਕ੍ਰਾਂਤੀ ਚ ਨਵੀਂ ਪਹਿਲ
MLA ਕੁੰਵਰ ਵਿਜੇ ਪ੍ਰਤਾਪ ਸਿੰਘ
ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਡਾਕਟਰ ਇੰਦਰਬੀਰ ਨਿੱਜਰ ਵੱਲੋ ਆਪਣੇ
ਫੇਸਬੁੱਕ ਪੇਜ਼ ਉਤੇ ਕੀਤੀ ਇੱਕ ਪੋਸਟ ਦੇ ਜਵਾਬ ਚ ਦਿੱਤਾ ਦਾਅਵਾ ਕੀਤਾ
ਇਹ ਸਕੂਲ ਪਹਿਲਾਂ ਤੋਂ ਤਿਆਰ ਸੀ
ਬਸ ਥੋੜ੍ਹੀ ਮੁਰੰਮਤ ਕਰਵਾ ਕੇ ਮਾਨ ਸਰਕਾਰ ਆਪਣਾ ਟੈਗ ਲਗਾ ਰਹੀ ਹੈ।
MLA ਸੁਖਪਾਲ ਸਿੰਘ ਖਹਿਰਾ
ਬੀਤੇ ਕੱਲ School of Eminence ਦਾ ਮੁੜ ਉਦਘਾਟਨ ਕਰਨ ਵਾਸਤੇ ਸਰਕਾਰੀ ਖਜਾਨੇ ਦੇ ਕਰੋੜਾਂ ਰੁਪਏ ਉਜਾੜਣ ਵਾਲੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਹੀ AAP ਪਾਰਟੀ ਦੇ MLA ਕੁੰਵਰ ਵਿਜੈ ਪ੍ਰਤਾਪ ਨੇ ਫੇਸਬੁੱਕ ਉੱਪਰ MLA ਡਾ. ਨਿੱਜਰ ਦਾ ਜਵਾਬ ਦਿੰਦਿਆਂ ਖੋਖਲੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ ਕਿ ਸਕੂਲ ਤਾਂ ਪਹਿਲਾਂ ਹੀ ਬਹੁਤ ਵਧੀਆ ਚੱਲ ਰਿਹਾ ਸੀ ਅਤੇ ਪਿਛਲੀ ਸਰਕਾਰ ਨੇ ਸਮਾਰਟ ਸਕੂਲ ਬਣਾ ਦਿੱਤਾ ਸੀ! ਤਾਂ ਫਿਰ ਕੱਲ ਅਧਿਆਪਕਾਂ ਦੀ ਦੁਰਵਰਤੋਂ ਕਰਕੇ 750 ਬੱਸਾਂ ਵਿੱਚ ਬੋਕਰ ਵਰਕਰ ਢੋਅਕੇ ਇਹ ਤਮਾਸ਼ਾ ਕਿਉਂ ਕੀਤਾ ਗਿਆ? ਪੰਜਾਬ ਨੂੰ ਜਵਾਬ ਚਾਹੀਦਾ ਹੈ? – ਖਹਿਰਾ
MP ਗੁਰਜੀਤ ਔਜਲਾ:-
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਵੱਲੋਂ 15 ਲੱਖ ਤੋਂ ਵੱਧ ਦੀ ਗ੍ਰਾਂਟ ਇਸ ਸਕੂਲ ਨੂੰ ਦਿੱਤੀ ਗਈ ਹੈ ਅਤੇ ਜਿਸ ਵੇਲੇ ਕਾਂਗਰਸ ਪਾਰਟੀ ਦੇ ਵਿੱਚ ਡਾਕਟਰ ਰਾਜ ਕੁਮਾਰ ਵੇਰਕਾ ਬਤੌਰ ਵਿਧਾਇਕ ਚੋਣ ਲੜਦੇ ਸਨ ਉਹਨਾਂ ਵੱਲੋਂ ਵੀ ਇਸ ਸਕੂਲ ਦੇ ਵਿੱਚ ਬਹੁਤ ਸਾਰਾ ਡਿਵੈਲਪਮੈਂਟ ਦਾ ਕੰਮ ਕਰਵਾਇਆ ਗਿਆ ਸੀ, ਅੱਗੇ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਝੂਠ ਦੇ ਉੱਪਰ ਹੀ ਆਪਣੀ ਸਰਕਾਰ ਚਲਾ ਰਹੀ ਹੈ।
ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਖ਼ੁਦ ਆਪਣੀ ਪਾਰਟੀ ਦੇ ਉੱਤੇ ਸਵਾਲ ਚੁੱਕ ਰਹੇ ਹਨ ਉਥੇ ਹੀ ਅੱਜ ਗੁਰਜੀਤ ਸਿੰਘ ਔਜਲਾ ਵਲੋਂ ਵੀ ਆਮ ਆਦਮੀ ਪਾਰਟੀ ਨੂੰ ਕਈ ਸਵਾਲ ਪੁੱਛੇ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੀਤੇ ਦਿਨ ਹੋਈ ਰੈਲੀ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦਾ ਲਗਾਤਾਰ ਹੀ ਗਰਾਫ਼ ਘਟਦਾ ਜਾ ਰਿਹਾ ਹੈ ਅਤੇ ਜੋ ਉਨ੍ਹਾਂ ਵੱਲੋਂ 1,50,000 ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਸ਼ਾਇਦ ਉਨ੍ਹਾਂ ਦਾ ਭੁਲੇਖਾ ਲੱਗ ਰਿਹਾ ਹੈ। ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਅਗਰ ਵਧੀਆ ਕੰਮ ਕਰਦੀ ਹੈ ਤਾਂ ਅਸੀਂ ਉਸਦਾ ਸਾਥ ਜ਼ਰੂਰ ਦਿੰਦੇ ਹਾਂ।
ਸੁਖਬੀਰ ਬਾਦਲ
ਸੁਖਬੀਰ ਬਾਦਲ ਦਾ ਦਾਅਵਾ, ਅਕਾਲੀ ਸਰਕਾਰ ‘ਚ ਬਣਿਆ ਸਕੂਲ, ਭਗਵੰਤ ਮਾਨ ਰੰਗ ਕਰਵਾ ਕੇ ਆਖ ਰਹੇ ਅਸੀਂ ਬਣਾਇਆ ਜੋ ਸਰਾਸਰ ਝੂਠ ਹੈ
ਇਸੇ ਗੱਲ ‘ਤੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਭੜਾਸ ਕੱਢੀ ਹੈ।
ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ ਪੇਜ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ –
‘ਇਹ ਪੰਜਾਬ ਸਰਕਾਰ, ਜਿਸ ਨੇ ਬੇਸ਼ਰਮੀ ਨਾਲ ਸੇਵਾ ਕੇਂਦਰਾਂ ਨੂੰ ਆਮ ਆਦਮੀ ਪਾਰਟੀ ਦੇ ਰੰਗ ਵਿੱਚ ਰੰਗ ਕੇ ਪੰਜਾਬੀਆਂ ਨਾਲ ਧੋਖਾ ਕੀਤਾ, ਹੁਣ ਉਸੇ ਤਰੀਕੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਪੁਰਾਣੇ ਸਰਕਾਰੀ ਸਕੂਲ ਨੂੰ ਰੰਗ ਕਰਕੇ School Of Eminence ਆਖ ਉਦਘਾਟਨ ਕੀਤਾ ਹੈ। ਅਸਲੀਅਤ ਇਹ ਹੈ ਕਿ ਇਹ ਸਕੂਲ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਖੋਲ੍ਹਿਆ ਗਿਆ ਸੀ, ਜਿਸ ‘ਤੇ ਹੁਣ ਨਵੀਨੀਕਰਨ ਦੇ ਨਾਂ ਹੇਠ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।
ਇਸ ਦੇ ਉਲਟ, ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ 2014 ਵਿੱਚ ਸਥਾਪਿਤ ਕੀਤੇ ਗਏ 10 ਮੈਰੀਟੋਰੀਅਸ ਸਕੂਲ (ਜੀ ਹਜ਼ਾਰਾਂ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ, ਮੁਫਤ ਵਰਦੀ, ਮੁਫਤ ਭੋਜਨ ਅਤੇ ਮੁਫਤ ਰਿਹਾਇਸ਼ ਪ੍ਰਦਾਨ ਕਰਦੇ ਹਨ) ਨੂੰ ਸਿਆਸੀ ਕਾਰਨਾਂ ਕਰਕੇ ਅਪਰਾਧਿਕ ਤੌਰ ‘ਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਤਮਾਮ ਇਸ਼ਤਿਹਾਰਬਾਜੀ ਦੇ ਬਾਵਜੂਦ ਇਸ ਸਰਕਾਰ ਵੱਲੋਂ ਕਰਵਾਈ ਟੂਰਿਜ਼ਮ ਸਮਿਟ ਨੂੰ ਵੀ ਕੋਈ ਹੁੰਗਾਰਾ ਨਹੀਂ ਮਿਲਿਆ। ਕਿਸੇ ਵੀ ਵੱਡੇ ਕਾਰੋਬਾਰੀ ਨੇ ਇਸ ਵਿੱਚ ਦਿਲਚਸਪੀ ਨਾ ਦਿਖਾਓੰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ, ਇਸੇ ਕਾਰਨ ਤਿੰਨ ਦਿਨਾਂ ਦੇ ਇਸ ਸੰਮੇਲਨ ਨੂੰ 2 ਦਿਨਾਂ ਵਿੱਚ ਸਮੇਟਣਾ ਪਿਆ।
ਇੱਥੋਂ ਤੱਕ ਕਿ ਮੁਫਤ 300 ਯੂਨਿਟਾਂ ਦੇ ਨਾਂ ‘ਤੇ (ਸ਼੍ਰੋਮਣੀ ਅਕਾਲੀ ਦਲ ਸਰਕਾਰ ਜੋ 200 ਯੂਨਿਟ ਪਹਿਲਾਂ ਹੀ ਦੇ ਰਹੀ ਸੀ) ਉਸ ਤੋਂ ਸਿਰਫ 100 ਯੂਨਿਟ ਵਾਧੂ ਦੇ ਕੇ ਪੰਜਾਬ ਵਾਸੀਆਂ ‘ਤੇ ਇਸ ਸਰਕਾਰ ਨੇ ਕਈ ਤਰ੍ਹਾਂ ਦੇ ਨਵੇਂ ਟੈਕਸ ਲਗਾ ਦਿੱਤੇ ਹਨ, ਆਟਾ-ਦਾਲ, ਸ਼ਗਨ, ਪੈਨਸ਼ਨ, ਅਨੁਸੂਚਿਤ ਜਾਤੀਆਂ ਦੇ ਵਜ਼ੀਫ਼ਿਆਂ ਸਮੇਤ ਲੋਕ ਭਲਾਈ ਸਕੀਮਾਂ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ। ਨੌਜਵਾਨਾਂ ਨੂੰ ਮੁਫ਼ਤ ਸਾਈਕਲ, ਖੇਡ ਕਿੱਟਾਂ ਅਤੇ ਜਿੰਮ ਵੀ ਨਹੀਂ ਦਿੱਤੇ ਜਾ ਰਹੇ।
ਪੰਜਾਬੀਆਂ ਨੇ ਇਸ ‘ਬਦਲਾਵ’ ਨੂੰ ਨੇੜਿਓਂ ਦੇਖ ਲਿਆ ਹੈ ਅਤੇ ਉਹ ਇਸ ਡਰਾਮੇਬਾਜਾਂ, ਧੋਖੇਬਾਜ਼ਾਂ ਅਤੇ ਘੁਟਾਲਿਆਂ ਦੀ ਭ੍ਰਿਸ਼ਟ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਜਰੂਰ ਦੇਣਗੇ। ”