ਐਕਸ਼ਨ ਕਮੇਟੀ ਵੱਲੋਂ ਨਸ਼ਿਆ ਵਿਰੁੱਧ ਪੱਕਾ ਮੋਰਚਾ ਜਾਰੀ ਰੱਖਣ ਦਾ ਐਲਾਨ

ਮਾਨਸਾ ; ਮਾਨਸਾ ਸ਼ਹਿਰ ਅੰਦਰ ਨਸ਼ਿਆਂ ਦੇ ਖਾਤਮੇ ਲਈ ਮਾਨਸਾ ਦੇ ਥਾਣਾ ਸਿਟੀ-2 ਸਾਹਮਣੇ ਚੱਲ ਰਿਹਾ ਪੱਕਾ ਮੋਰਚਾ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵਲੋਂ ਪੱਕਾ ਮੋਰਚਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ | ਜਥੇਬੰਦੀਆਂ ਨੇ ਇਹ ਐਲਾਨ ਅੱਜ ਇੱਥੇ ਸਾਰੀਆਂ ਧਿਰਾਂ ਦੀ ਮੀਟਿੰਗ ਤੋਂ ਬਾਅਦ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਵੱਲੋਂ ਕੀਤਾ ਗਿਆ। ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਸਾਂਝੀ ਐਕਸ਼ਨ ਕਮੇਟੀ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਵੱਲੋਂ ਚਿੱਟੇ ਦੇ ਖਾਤਮੇ ਅਤੇ ਤਸਕਰਾਂ ਨੂੰ ਕਾਬੂ ਕਰ ਕੇ ਜਾਇਦਾਦਾਂ ਜ਼ਬਤ ਕੀਤੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਹਾੜੇ ਵਾਲੇ ਦਿਨ ਧਰਨੇ ਵਾਲੀ ਥਾਂ ਤੋਂ ਵੱਡਾ ਕਾਫ਼ਲਾ ਮਾਨਸਾ ਦੇ ਜਵਾਹਰਕੇ ਰੋਡ ’ਤੇ ਸਥਿਤ ਭਗਤ ਸਿੰਘ ਦੇ ਬੁੱਤ ਤੱਕ ਮਾਰਚ ਕਰੇਗਾ ਤੇ ਪੰਜਾਬ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਬੁਲਾਰਿਆਂ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਨੌਜਵਾਨ ਪਰਮਿੰਦਰ ਸਿੰਘ ਝੋਟਾ ਦੀ ਅਗਵਾਈ ਵਿੱਚ ਸਾਰੀਆਂ ਜਥੇਬੰਦੀਆਂ ਸਾਂਝੀ ਐਕਸ਼ਨ ਕਮੇਟੀ ਦੇ ਝੰਡੇ ਹੇਠ ਇਸ ਮੁਹਿੰਮ ਨੂੰ ਪੰਜਾਬ ਦੇ ਘਰ-ਘਰ ਤੱਕ ਲੈ ਕੇ ਜਾਣਗੀਆਂ। ਇਸ ਮੌਕੇ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਲੋਕ ਰੋਹ ਤੋਂ ਡਰੀ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੇ ਸ਼ਰ੍ਹੇਆਮ ਨਸ਼ਾ ਵਿਕਰੀ ’ਤੇ ਥੋੜ੍ਹੀ ਜਿਹੀ ਰੋਕ ਜ਼ਰੂਰ ਲਗਾਈ ਹੈ, ਪਰ ਅਜੇ ਤੱਕ ਵੀ ਬਹੁਤੀ ਥਾਂ ਚਿੱਟਾ ਅਤੇ ਮੈਡੀਕਲ ਨਸ਼ਿਆਂ ਦੀ ਵਿਕਰੀ ਜਾਰੀ ਹੈ।

ਇਸ ਮੌਕੇ ਕ੍ਰਿਸ਼ਨ ਚੌਹਾਨ, ਨਛੱਤਰ ਸਿੰਘ ਖੀਵਾ, ਕਿਸਾਨ ਆਗੂ ਨਿਰਮਲ ਸਿੰਘ ਝੰਡੂਕੇ, ਮੱਖਣ ਸਿੰਘ ਭੈਣੀਬਾਘਾ, ਜਸਦੇਵ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਕਿਸਾਨ ਆਗੂ ਬੋਘ ਸਿੰਘ, ਉਗਰ ਸਿੰਘ ਮਾਨਸਾ, ਇਕਬਾਲ ਸਿੰਘ, ਅਮਨ ਪਟਵਾਰੀ ਵੀ ਮੌਜੂਦ ਸਨ।

ਨਸ਼ਾ ਰੋਕੂ ਐਂਟੀ ਡਰੱਗ ਟਾਸਕ ਫੋਰਸ ਦੇ ਮੁਖੀ ਪਰਮਿੰਦਰ ਸਿੰਘ ਝੋਟਾ ਅਤੇ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਪਿੰਡਾਂ ਵਿੱਚ ਬਣੀਆਂ ਨਸ਼ਾ ਰੋਕੂ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਰਾਤ ਵੇਲੇ ਨਾਕੇ ਲਗਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਥਾਂ ਪਿੰਡਾਂ ਵਿੱਚ ਨਸ਼ਾ ਵਿਕਰੀ ਕਰ ਰਹੇ ਵਿਅਕਤੀਆਂ ਨੂੰ ਰੋਕਣ। ਉਨ੍ਹਾਂ ਕਿਹਾ ਕਿ ਜੇ ਉਹ ਫਿਰ ਵੀ ਗੱਲ ਨਹੀਂ ਮੰਨਦੇ ਤਾਂ ਇਸ ਦੀ ਜਾਣਕਾਰੀ ਲਿਖਤੀ ਰੂਪ ਵਿੱਚ ਮਾਨਸਾ ਵਿਖੇ ਚੱਲ ਰਹੇ ਧਰਨੇ ਵਿੱਚ ਪੁੱਜਦੀ ਕਰਨ।

Spread the love