ਪੰਜਾਬੀ ਯੂਨੀਵਰਸਿਟੀ ਚ ਵਿਦਿਆਰਥਣ ਦੀ ਮੌਤ ਦਾ ਮਾਮਲਾ ਭਖ਼ਿਆ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਵਿਦਿਆਰਥਣ ਜਸ਼ਨਦੀਪ ਕੌਰ ਜਟਾਣਾ ਦੀ ਮੌਤ ਦੇ ਮਾਮਲੇ ਚ ਵਿਦਿਆਰਥੀ ,ਮਾਪੇ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਆਹਮੋ ਸਾਮਹਣੇ ਹੋ ਗਏ ਹਨ | ਇਸ ਸਬੰਧੀ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਦਿਨ ਲਈ ਕਲਾਸਾਂ ਮੁਅੱਤਲ ਰੱਖੀਆਂ। ਦੂਜੇ ਪਾਸੇ ਮ੍ਰਿਤਕਾ ਦੇ ਪਿਤਾ ਹਰਚਰਨ ਸਿੰਘ ਨੇ ਯੂਨੀਵਰਸਿਟੀ ਪੁੱਜ ਕੇ ਆਪਣੀ ਧੀ ਲਈ ਇਨਸਾਫ਼ ਮੰਗਿਆ ਅਤੇ ਪੁਲੀਸ ਕੋਲ ਸ਼ਿਕਾਇਤ ਦੇ ਕੇ ਪ੍ਰੋਫੈਸਰ ਸੁਰਜੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅਧਿਆਪਕ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਖ਼ਿਲਾਫ਼ ਦਰਜ ਕੇਸ ਰੱਦ ਕੀਤੇ ਜਾਣ। ਦੱਸਣਯੋਗ ਹੈ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਨੇ ਅੱਜ ਫਿਰ ਵੀਸੀ ਦਫ਼ਤਰ ਮੂਹਰੇ ਧਰਨਾ ਲਾਇਆ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਕਹਿਣਾ ਸੀ ਕਿ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਇੱਕ ਸੇਵਾਮੁਕਤ ਜੱਜ ਤੋਂ ਕਰਵਾਈ ਜਾਵੇਗੀ। ਧਰਨੇ ਨੂੰ ਸੰਬੋਧਨ ਕਰਦਿਆਂ ਮ੍ਰਿਤਕਾ ਦੇ ਪਿੰਡ ਦੇ ਇੱੱਕ ਮੋਹਤਬਰ ਨੇ ਵਿਦਿਆਰਥਣ ਦੇ ਪਰਿਵਾਰ ਲਈ ਮੁਆਵਜ਼ੇ ਅਤੇ ਉਸ ਦੇ ਭਰਾ ਨੂੰ ਨੌਕਰੀ ਦੇਣ ਦੀ ਮੰਗ ਕੀਤੀ। ਇਨਸਾਫ਼ ਨਾ ਮਿਲਣ ’ਤੇ ਉਨ੍ਹਾਂ ਨੇ ਯੂਨੀਵਰਸਿਟੀ ਨੂੰ ਸੰਘਰਸ਼ ਦਾ ਅਖਾੜਾ ਬਣਾਉਣ ਦੀ ਚਿਤਾਵਨੀ ਵੀ ਦਿੱਤੀ। ਦੱਸਣਯੋਗ ਹੈ ਕਿ 13 ਸਤੰਬਰ ਨੂੰ ਜਸ਼ਨਦੀਪ ਦੀ ਕਲਾਸ ਰੂਮ ’ਚ ਹੀ ਤਬੀਅਤ ਖਰਾਬ ਹੋਣ ਕਾਰਨ ਡਿਸਪੈਂਸਰੀ ’ਚ ਦਾਖ਼ਲ ਕਰਵਾਇਆ ਗਿਆ ਸੀ। ਪਰ ਉਥੋਂ ਮਾਪੇ ਉਸ ਨੂੰ ਆਪਣੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਉਕੇ ਸਥਿਤ ਘਰ ਲੈ ਗਏ ਸਨ, ਜਿਥੇ ਉਸ ਦੀ ਮੌਤ ਹੋ ਗਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦੀ ਮੌਤ ਪ੍ਰੋ. ਸੁਰਜੀਤ ਸਿੰਘ ਵੱਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਕਰਕੇ ਹੋਈ ਹੈ। ਇਸ ਕਾਰਨ ਹੀ ਕੱਲ੍ਹ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਭੀੜ ਨੇ ਅਧਿਆਪਕ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿਤਾ ਸੀ, ਜੋ ਕਿ ਜ਼ੇਰੇ ਇਲਾਜ ਹੈ।

Spread the love