ਲੀਬੀਆ ’ਚ ਹੜ੍ਹਾਂ ਕਾਰਨ 10,000 ਤੋਂ ਵੱਧ ਮੌਤਾਂ, 20,000 ਤੋਂ ਵੱਧ ਲਾਪਤਾ

ਤ੍ਰਿਪੋਲੀ: ਲੀਬੀਆ ‘ਚ ਭਿਆਨਕ ਹੜ੍ਹ ਕਾਰਨ 10 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਅਤੇ 20000 ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਘਟਨਾਵਾਂ ਦੀ ਜਾਂਚ ਹੋਣੀ ਚਾਹੀਦੀ ਹੈ। ਲੀਬੀਆ ਦੇ ਆਧੁਨਿਕ ਇਤਿਹਾਸ ਵਿਚ ਇਹ ਸੱਭ ਤੋਂ ਵੱਡੀ ਤਬਾਹੀ ਹੈ, ਜਿਸ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਨਹੀਂ ਕੀਤੀਆਂ ਜਾ ਰਹੀਆਂ

ਲੋਕਾਂ ਦਾ ਕਹਿਣਾ ਹੈ ਕਿ ਸਮੁੰਦਰੀ ਹੜ੍ਹ ਸ਼ਹਿਰ ‘ਚ ਦਾਖਲ ਹੋ ਗਿਆ ਸੀ ਅਤੇ ਇਸ ਦੇ ਪਾਣੀ ਨਾਲ ਕਈ ਲੋਕ ਵਹਿ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਮੌਤ ਹੋ ਚੁੱਕੀ ਹੈ ਪਰ ਲਾਸ਼ਾਂ ਦੀ ਭਾਲ ਕਰਨੀ ਮੁਸ਼ਕਿਲ ਹੋ ਰਹੀ ਹੈ। ਲੀਬੀਆ ਦੇ ਡੇਰਨਾ ਸ਼ਹਿਰ ਦਾ ਲਗਭਗ ਅੱਧਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਬਚਾਅ ਕਾਰਜਾਂ ਵਿਚ ਲੱਗੀ ਰੈੱਡ ਕਰੈਸੈਂਟ ਮੁਤਾਬਕ ਲਗਭਗ 20,000 ਲੋਕਾਂ ਦਾ ਕੋਈ ਥਹੁ-ਪਤਾ ਨਹੀਂ ਹੈ ਅਤੇ 30,000 ਦੇ ਕਰੀਬ ਲੋਕ ਬੇਘਰ ਹੋ ਗਏ ਹਨ। ਮੌਤਾਂ ਦੀ ਗਿਣਤੀ ਵਧਣ ਦਾ ਵੀ ਪੂਰਾ ਖ਼ਦਸ਼ਾ ਹੈ।

ਡੇਰਨਾ ਸ਼ਹਿਰ ਦੇ ਮੇਅਰ ਅਬਦੁਲਮਨਮ ਅਲ-ਗੈਥੀ ਨੇ ਕਿਹਾ ਕਿ ਸ਼ਹਿਰ ਵਿਚ ਮਰਨ ਵਾਲਿਆਂ ਦੀ ਗਿਣਤੀ 18 ਤੋਂ 20 ਹਜ਼ਾਰ ਤਕ ਪਹੁੰਚ ਗਈ ਹੈ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਹੁਣ ਮਹਾਂਮਾਰੀ ਫੈਲਣ ਦਾ ਵੱਡਾ ਡਰ ਹੈ। ਪਾਣੀ ਵਿਚ ਲਾਸ਼ਾਂ ਸੜ ਰਹੀਆਂ ਹਨ ਅਤੇ ਗੰਦਗੀ ਵੀ ਸੜਕਾਂ ’ਤੇ ਪਾਣੀ ਦੇ ਨਾਲ-ਨਾਲ ਵਹਿ ਰਹੀ ਹੈ। ਇਸ ਕਾਰਨ ਬਿਮਾਰੀਆਂ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਦੌਰਾਨ ਵਿਸ਼ਵ ਮੌਸਮ ਵਿਗਿਆਨ ਸੰਗਠਨ ਦਾ ਕਹਿਣਾ ਹੈ ਕਿ ਲੀਬੀਆ ਵਿਚ ਇੰਨੀਆਂ ਮੌਤਾਂ ਨੂੰ ਟਾਲਿਆ ਜਾ ਸਕਦਾ ਸੀ। ਸੰਗਠਨ ਨੇ ਕਿਹਾ ਕਿ ਲੀਬੀਆ ਪਿਛਲੇ ਇਕ ਦਹਾਕੇ ਤੋਂ ਘਰੇਲੂ ਯੁੱਧ ਤੋਂ ਪੀੜਤ ਹੈ ਅਤੇ ਦੇਸ਼ ‘ਤੇ ਦੋ ਵੱਖ-ਵੱਖ ਸਰਕਾਰਾਂ ਦਾ ਸ਼ਾਸਨ ਚੱਲ ਰਿਹਾ ਹੈ। ਸਥਿਤੀ ਇਹ ਹੈ ਕਿ ਲੀਬੀਆ ਵਿਚ ਮੌਸਮ ਵਿਭਾਗ ਖੁਦ ਸਰਗਰਮ ਨਹੀਂ ਹੈ।

Spread the love