ਸਰਬ ਪਾਰਟੀ ਮੀਟਿੰਗ ਚ ਮਹਿਲਾ ਰਾਖਵਾਂਕਰਨ ਬਿੱਲ ਦੀ ਮੰਗ ਉੱਠੀ
ਚੰਡੀਗੜ੍ਹ ; ਸੰਸਦ ਅੱਜ ਸ਼ੁਰੂ ਹੋ ਰਹੇ ਪੰਜ ਰੋਜ਼ਾ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਸਰਕਾਰ ਵੱਲੋਂ ਸਰਬ ਪਾਰਟੀ ਬੈਠਕ ਵਿੱਚ ਕਈ ਸਿਆਸੀ ਪਾਰਟੀਆਂ ਨੇ ਮਹਿਲਾ ਰਾਖਵਾਂਕਰਨ ਬਿੱਲ ਦੀ ਜ਼ੋਰਦਾਰ ਵਕਾਲਤ ਕੀਤੀ। ਕੇਂਦਰ ਸਰਕਾਰ ਨੇ ਆਖਿਆ ਕਿ ‘‘ਉਹ ਇਸ ਬਾਰੇ ਢੁੱਕਵੇਂ ਸਮੇਂ ’ਤੇ ਢੁੱਕਵਾਂ ਫੈਸਲਾ ਲਏਗੀ।’’ ਆਗੂਆਂ ਨੇ ਆਸ ਜਤਾਈ ਕਿ ਇਹ ਬਿੱਲ ਸਰਬਸੰੰਮਤੀ ਨਾਲ ਪਾਸ ਕੀਤੇ ਜਾ ਸਕਦੇ ਹਨ। ਰਾਖਵਾਂਕਰਨ ਬਿੱਲ ਵਿੱਚ ਲੋਕ ਸਭਾ ਤੇ ਸੂਬਾਈ ਅਸੈਂਬਲੀਆਂ ਵਿੱਚ ਮਹਿਲਾਵਾਂ ਲਈ ਇਕ-ਤਿਹਾਈ ਸੀਟਾਂ ਰਾਖਵੀਆਂ ਰੱਖਣ ਦੀ ਵਿਵਸਥਾ ਹੈ। ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਰਕਾਰ ਦਾ ਇਰਾਦਾ ਕੀ ਹੈ, ਇਹ ਤਾਂ ਉਹੀ ਜਾਣਦੀ ਹੈ ਤੇ ਸਰਕਾਰ (ਭਲਕੇ) ਕਿਸੇ ਨਵੇਂ ਏਜੰਡੇ ਨਾਲ ਸਾਰਿਆਂ ਨੂੰ ਹੈਰਾਨ ਕਰ ਸਕਦੀ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬੈਠਕ ਉਪਰੰਤ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਪਾਰਟੀਆਂ ਦੀ ਮੰਗ ਬਾਰੇ ‘ਢੁੱਕਵਾਂ ਫੈਸਲਾ ਢੁੱਕਵੇਂ ਸਮੇਂ ’ਤੇ ਲਿਆ ਜਾਵੇਗਾ।’
ਕੁਝ ਖੇਤਰੀ ਪਾਰਟੀਆਂ ਨੇ ਮੰਗ ਕੀਤੀ ਕਿ ਮਹਿਲਾ ਰਾਖਵਾਂਕਰਨ ਬਿੱਲ ਵਿੱਚ ਕੁੱਲ ਮਿਲਾ ਕੇ ਪੱਛੜੇ ਵਰਗਾਂ ਤੇ ਅਨੁਸੂਚਿਤ ਜਾਤਾਂ ਨੂੰ ਵੀ ਰਾਖਵਾਂਕਰਨ ਦਿੱਤਾ ਜਾਵੇ। ਬੀਜੂ ਜਨਤਾ ਦਲ ਦੇ ਆਗੂ ਪਿਨਾਕੀ ਮਿਸ਼ਰਾ ਨੇ ਕਿਹਾ ਕਿ ਨਵੀਂ ਸੰਸਦੀ ਇਮਾਰਤ ਤੋਂ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇ ਤੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ ਜਾਵੇ। ਅਧੀਰ ਰੰਜਨ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਸੰਸਦ ਦਾ ਨਿਯਮਤ ੲਿਜਲਾਸ ਹੋਵੇਗਾ। ਉਨ੍ਹਾਂ ਕਿਹਾ, ‘‘ਸਰਕਾਰ ਨੂੰ ਹੀ ਪਤਾ ਹੈ ਕਿ ਉਸ ਦਾ ਇਰਾਦਾ ਕੀ ਹੈ। ਉਹ ਕਿਸੇ ਨਵੇਂ ਏਜੰਡੇ ਨਾਲ ਸਾਰਿਆਂ ਨੂੰ ਹੈਰਾਨ ਕਰ ਸਕਦੀ ਹੈ।’’ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ (ਕਾਂਗਰਸ) ਨੇ ਸਰਬ ਪਾਰਟੀ ਬੈਠਕ ਦੌਰਾਨ ਮਹਿੰਗਾਈ, ਬੇਰੁਜ਼ਗਾਰੀ, ਚੀਨ ਨਾਲ ਸਰਹੱਦੀ ਹਾਲਾਤ ਜਿਹੇ ਮੁੱਦੇ ਵੀ ਰੱਖੇ। ਬੀਜੇਡੀ ਤੇ ਬੀਆਰਐੱਸ ਜਿਹੀਆਂ ਖੇਤਰੀ ਪਾਰਟੀਆਂ ਨੇ ਵੀ ਮਹਿਲਾ ਰਾਖਵਾਂਕਰਨ ਬਿੱਲ ਸਦਨ ਵਿੱਚ ਰੱਖੇ ਜਾਣ ਲਈ ਦਬਾਅ ਪਾਇਆ। ਇਸ ਦੌਰਾਨ ਤੈਲਗੂ ਦੇਸਮ ਪਾਰਟੀ (ਟੀਡੀਪੀ) ਨੇ ਬੈਠਕ ਵਿੱਚ ਆਪਣੇ ਆਗੂ ਚੰਦਰਬਾਬੂ ਨਾਇਡੂ ਦੀ ਗ੍ਰਿਫ਼ਤਾਰੀ ਦਾ ਮੁੱਦਾ ਰੱਖਿਆ। ਪਾਰਟੀ ਨੇ ਕਿਹਾ ਕਿ ਉਹ ਵਿਸ਼ੇਸ਼ ਇਜਲਾਸ ਦੌਰਾਨ ਵੀ ਇਹ ਮੁੱਦਾ ਧਿਆਨ ਵਿਚ ਲਿਆਏਗੀ। ਆਂਧਰਾ ਪ੍ਰਦੇਸ਼ ਪੁਲੀਸ ਨੇ 9 ਸਤੰਬਰ ਨੂੰ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਭ੍ਰਿਸ਼ਟਾਚਾਰ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। ਨਾਇਡੂ ਨੂੰ ਇਸ ਵੇਲੇ ਰਾਜਾਮਹੇਂਦਰਵਰਮ ਦੀ ਜੇਲ੍ਹ ਵਿੱਚ ਰੱਖਿਆ ਗਿਆ ਹੈ।
ਬੈਠਕ ਵਿੱਚ ਸਰਕਾਰ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਪਿਊਸ਼ ਗੋਇਲ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਸ਼ਾਮਲ ਹੋਏ। ਬੈਠਕ ਵਿੱਚ ਹਾਜ਼ਰੀ ਭਰਨ ਵਾਲੇ ਹੋਰਨਾਂ ਆਗੂਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਤੇ ਜੇਡੀਐੱਸ ਆਗੂ ਐੱਚ.ਡੀ.ਦੇਵੇਗੌੜਾ, ਡੀਐੱਮਕੇ ਤੋਂ ਕੰਨੀਮੋੜੀ, ਟੀਡੀਪੀ ਦੇ ਰਾਮ ਮੋਹਨ ਨਾਇਡੂ, ਟੀਐੱਮਸੀ ਦੇ ਡੈਰੇਕ ਓ’ਬ੍ਰਾਇਨ, ‘ਆਪ’ ਦੇ ਸੰਜੈ ਸਿੰਘ, ਬੀਜੇਡੀ ਦੇ ਸਸਮਿਤ ਪਾਤਰਾ, ਬੀਆਰਐੱਸ ਦੇ ਕੇ.ਕੇਸ਼ਵ ਰਾਓ, ਵਾਈਐੱਸਆਰ ਕਾਂਗਰਸ ਦੇ ਵੀ.ਵਿਜਯਾਸਾਈ ਰੈੱਡੀ, ਆਰਜੇਡੀ ਦੇ ਮਨੋਜ ਝਾਅ ਤੇ ਜੇਡੀਯੂ ਦੇ ਅਨਿਲ ਹੈਗੜੇ ਤੇ ਸਪਾ ਦੇ ਰਾਮ ਗੋਪਾਲ ਯਾਦਵ ਮੌਜੂਦ ਸਨ।