ਭਾਰਤ ਨੇ ਕੈਨੇਡਾ ਦੇ ਡਿਪਲੋਮੈਟ ਓਲੀਵਰ ਸਿਲਵੈਸਟਰ ਨੂੰ ਦੇਸ਼ ਛੱਡਣ ਦੇ ਆਦੇਸ਼ ਦਿੱਤੇ

ਦਿੱਲੀ : ਭਾਰਤ ਤੇ ਕੈਨੇਡਾ ਦੇ ਕੂਟਨੀਤਕ ਸਬੰਧ ਉਸ ਵੇਲੇ ਹੋਰ ਵਿਗੜ ਗਏ ਜਦ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ’ਚ ਤਾਇਨਾਤ ਕੈਨੇਡੀਅਨ ਇੰਟੈਲੀਜੈਂਸ ਦੇ ਮੁਖੀ (ਡਿਪਲੋਮੈਟ) ਓਲੀਵਰ ਸਿਲਵੈਸਟਰ ਨੂੰ ਪੰਜ ਦਿਨਾਂ ’ਚ ਦੇਸ਼ ਛੱਡਣ ਲਈ ਕਹਿ ਦਿੱਤਾ। ਇਹ ਕਾਰਵਾਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨ ਸਮਰਥਕ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ‘ਭਾਰਤ ਸਰਕਾਰ ਦੇ ਏਜੰਟਾਂ’ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਹੋਈ ਹੈ। ਦੱਸਣਯੋਗ ਹੈ ਕਿ ਟਰੂਡੋ ਨੇ ਇਹ ਦੋਸ਼ ਦੇਸ਼ ਦੀ ਸੰਸਦ ਵਿਚ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਲਾਏ ਹਨ। ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਭਾਰਤ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਸੀ। ਕੈਨੇਡਾ ਦੇ ਵਿਦੇਸ਼ ਮੰਤਰੀ ਦੇ ਦਫ਼ਤਰ ਮੁਤਾਬਕ ਕੱਢੇ ਗਏ ਭਾਰਤੀ ਡਿਪਲੋਮੈਟ ਜਿਸ ਦਾ ਨਾਂ ਪਵਨ ਕੁਮਾਰ ਰਾਏ ਹੈ, ਉਹ ਕੈਨੇਡਾ ਵਿਚ ਭਾਰਤ ਦੀ ਖ਼ੁਫ਼ੀਆ ਏਜੰਸੀ ਰਾਅ ਦਾ ਇੰਚਾਰਜ ਹੈ। ਇਸੇ ਦੌਰਾਨ ਅੱਜ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੋਨ ਮੈਕੇ ਨੂੰ ਵੀ ਤਲਬ ਕੀਤਾ ਗਿਆ ਤੇ ਸੀਨੀਅਰ ਡਿਪਲੋਮੈਟ ਨੂੰ ਕੱਢਣ ਦੇ ਭਾਰਤ ਦੇ ਫੈਸਲੇ ਬਾਰੇ ਜਾਣੂ ਕਰਵਾਇਆ ਗਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਕਦਮ ਦਰਸਾਉਂਦਾ ਹੈ ਕਿ ਭਾਰਤ ‘ਆਪਣੇ ਅੰਦਰੂਨੀ ਮਸਲਿਆਂ ਵਿਚ ਕੈਨੇਡੀਅਨ ਰਾਜਦੂਤਾਂ ਦੇ ਦਖ਼ਲ ਤੇ ਉਨ੍ਹਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਫਿਕਰਮੰਦ ਹੈ।’ ਜ਼ਿਕਰਯੋਗ ਹੈ ਕਿ ਨਿੱਝਰ ਦੀ ਸਰੀ ਵਿਚ ਜੂਨ ’ਚ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ ਕੈਨੇਡਾ ਵੱਲੋਂ ਲਾਏ ਦੋਸ਼ਾਂ ਨੂੰ ‘ਬੇਤੁਕਾ’ ਤੇ ‘ਪ੍ਰੇਰਿਤ’ ਦੱਸ ਕੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਰਿਹਾ ਨਿੱਝਰ (45), ਭਾਰਤ ਵਿਚ ‘ਮੋਸਟ ਵਾਂਟੇਡ’ ਅਤਿਵਾਦੀਆਂ ਦੀ ਸੂਚੀ ਵਿਚ ਸ਼ਾਮਲ ਹੈ ਤੇ ਉਸ ’ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ।

Spread the love