ਬਲਾਤਕਾਰ ਤੇ ਕਾਤਲ ਕੇਸ ਚ ਜੇਲ੍ਹ ਚ ਬੰਦ ਬਾਬਾ ਰਾਮ ਰਹੀਮ ਹੁਣ ਕਰਨਾ ਚਾਹੁੰਦਾ ਗਊ ਸੇਵਾ

ਚੰਡੀਗੜ੍ਹ : ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਕਤਲ ਤੇ ਬਲਾਤਕਾਰ ਦੇ ਦੋਸ਼ਾਂ ਤਹਿਤ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। 25 ਅਗਸਤ ਨੂੰ ਉਸ ਦੀ ਸਜ਼ਾ ਦੇ ਛੇ ਸਾਲ ਪੂਰੇ ਹੋ ਗਏ ਸਨ। ਰਾਮ ਰਹੀਮ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਤੇ ਹੱਤਿਆ ਦੇ ਦੋਸ਼ਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਯੌਨ ਸ਼ੋਸ਼ਣ ਦਾ ਦੋਸ਼ੀ ਰਾਮ ਰਹੀਮ ਹੁਣ ਗਊ ਸੇਵਾ ਕਰਨਾ ਚਾਹੁੰਦਾ ਹੈ। ਇਸ ਲਈ ਡੇਰਾ ਸਿਰਸਾ ਵੱਲੋਂ ਹਰਿਆਣਾ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਹੈ। ਇਸ ਵਿੱਚ ਡੇਰਾ ਸਿਰਸਾ ਨੇ ਸੂਬੇ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਬਣਾਉਣ ਵਿੱਚ ਰਾਜ ਗਊ ਸੇਵਾ ਕਮਿਸ਼ਨ ਨੂੰ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ।

ਰਾਮ ਰਹੀਮ ਦੇ ਇਸ ਪ੍ਰਸਤਾਵ ਦਾ ਖੁਲਾਸਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਬੈਠਕ ‘ਚ ਹੋਇਆ। ਸੀਐਮ ਖੱਟਰ ਸੂਬੇ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਨ ਲਈ ਗਊ ਸੇਵਾ ਕਮਿਸ਼ਨ ਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਡੇਰਾ ਸਿਰਸਾ ਹਰਿਆਣਾ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਬਣਾਉਣ ਲਈ ਰਾਜ ਗਊ ਸੇਵਾ ਕਮਿਸ਼ਨ ਨੂੰ ਸਹਿਯੋਗ ਦੀ ਪੇਸ਼ਕਸ਼ ਕਰ ਰਿਹਾ ਹੈ। ਹਾਲਾਂਕਿ ਇਸ ਸਬੰਧੀ ਸਰਕਾਰ ਵੱਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ।

ਮੀਟਿੰਗ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੰਚਾਇਤੀ ਜ਼ਮੀਨ ’ਤੇ ਗਊਸ਼ਾਲਾ ਚਲਾਉਣ ਲਈ ਇੱਛੁਕ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨਾਲ ਸਮਝੌਤਾ ਕੀਤਾ ਜਾਵੇਗਾ। ਜਿਹੜੀਆਂ ਗਊਸ਼ਾਲਾ ਗਾਵਾਂ ਰੱਖਣ ਦੀ ਪੇਸ਼ਕਸ਼ ਕਰਨਗੀਆਂ, ਉਨ੍ਹਾਂ ਨੂੰ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਸੀਐਮ ਖੱਟਰ ਨੇ ਕਿਹਾ ਕਿ ਉਨ੍ਹਾਂ ਦੀ ਤਰਫੋਂ ਉਹ ਕੇਂਦਰ ਸਰਕਾਰ ਨੂੰ ਵੀ ਪੱਤਰ ਲਿਖਣਗੇ ਤੇ ਅਪੀਲ ਕਰਨਗੇ ਕਿ ਸਾਰੇ ਰਾਜਾਂ ਨੂੰ ਜਾਨਵਰਾਂ ਦੀ ਟੈਗਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ। ਹਰਿਆਣਾ ਵਿੱਚ ਪਹਿਲੇ ਪੜਾਅ ਵਿੱਚ ਹਿਸਾਰ, ਸਿਰਸਾ, ਭਿਵਾਨੀ, ਗੁਰੂਗ੍ਰਾਮ, ਕਰਨਾਲ ਤੇ ਪਾਣੀਪਤ ਜ਼ਿਲ੍ਹਿਆਂ ਵਿੱਚ ਅਵਾਰਾ ਪਸ਼ੂਆਂ ਤੋਂ ਮੁਕਤ ਕਰਨ ਲਈ ਮੁਹਿੰਮ ਚਲਾਈ ਜਾਵੇਗੀ।

Spread the love