ਮਾਨਸਾ ਜੇਲ੍ਹ ‘ਚ ਨਸ਼ੇ ਦੀ ਸਪਲਾਈ,ਦੋ ਸਹਾਇਕ ਸੁਪਰਡੈਂਟਾਂ ਸਣੇ 6 ਮੁਲਾਜ਼ਮ ਸਸਪੈਂਡ

ਮਾਨਸਾ : ਜੇਲ੍ਹ ਵਿੱਚ ਨਸ਼ੇ ਦੀ ਸਪਲਾਈ ‘ਨੂੰ ਲੈਕੇ ਮਾਨਸਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਸਣੇ 6 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜੇਲ੍ਹ ਵਿਭਾਗ ਵੱਲੋਂ ਇਹ ਐਕਸ਼ਨ ਜੇਲ੍ਹ ਅੰਦਰ ਨਸ਼ਿਆਂ ਦੀ ਸਪਲਾਈ ਦਾ ਖੁਲਾਸਾ ਹੋਣ ਮਗਰੋਂ ਲਿਆ ਹੈ। ਇਹ ਖੁਲਾਸਾ ਜ਼ਿਲ੍ਹਾ ਜੇਲ੍ਹ ਮਾਨਸਾ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਅਰੋੜਾ ਵੱਲੋਂ ਕੀਤਾ ਗਿਆ ਸੀ।

ਹਾਸਲ ਜਾਣਕਾਰੀ ਮੁਤਾਬਕ ਨਸ਼ਿਆਂ ਦੇ ਮਾਮਲੇ ਵਿੱਚ ਸੁਰਖ਼ੀਆਂ ਵਿੱਚ ਆਈ ਮਾਨਸਾ ਜ਼ਿਲ੍ਹਾ ਜੇਲ੍ਹ ਵਿੱਚ ਨਸ਼ੇ ਦੀ ਕਥਿਤ ਤੌਰ ’ਤੇ ਸਪਲਾਈ ਹੋਣ ਦੇ ਮਾਮਲੇ ’ਚ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਸਮੇਤ 6 ਮੁਲਾਜ਼ਮਾਂ ਨੂੰ ਜੇਲ੍ਹ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਕਾਇਦਾ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਜੇਲ੍ਹਾਂ ਪੰਜਾਬ ਅਰੁਨਪਾਲ ਸਿੰਘ ਵੱਲੋਂ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਗਏ ਹਨ।

ਇਸ ਪੱਤਰ ਅਨੁਸਾਰ ਜ਼ਿਲ੍ਹਾ ਜੇਲ੍ਹ ਮਾਨਸਾ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਅਰੋੜਾ ਵੱਲੋਂ ਮੀਡੀਆ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਮਾਨਸਾ ਜੇਲ੍ਹ ਵਿੱਚ ਬੰਦ ਆਰਥਿਕ ਪੱਖੋਂ ਤਕੜੇ ਕੈਦੀ/ਮੁਲਜ਼ਮ ਜੇਲ੍ਹ ਅਧਿਕਾਰੀਆਂ ਨੂੰ ਪੈਸੇ ਦੇ ਕੇ ਨਸ਼ਿਆਂ ਸਮੇਤ ਹਰ ਸੁੱਖ ਸਹੂਲਤ ਦਾ ਆਨੰਦ ਮਾਣਦੇ ਹਨ। ਸੁਭਾਸ਼ ਕੁਮਾਰ ਨੇ ਜੇਲ੍ਹ ਵਿੱਚ ਮੋਬਾਈਲਾਂ ਦੀ ਬੇਝਿਜਕ ਹੁੰਦੀ ਵਰਤੋ ਬਾਰੇ ਵੀ ਦੋਸ਼ ਲਾ ਕੇ ਜਾਣਕਾਰੀ ਦਿੱਤੀ ਸੀ।

ਜੇਲ੍ਹ ਵਿਭਾਗ ਦੇ ਏਡੀਜੀਪੀ ਅਰੁਨਪਾਲ ਸਿੰਘ ਵੱਲੋਂ ਜਾਰੀ ਪੱਤਰ ਮੁਤਾਬਿਕ ਵਿਭਾਗ ਵੱਲੋਂ ਦੋਸ਼ਾਂ ਦੀ ਪੜਤਾਲ ਮਗਰੋਂ ਮਾਨਸਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਭਿਵਮ ਤੇਜ ਸਿੰਗਲਾ ਤੇ ਕੁਲਜੀਤ ਸਿੰਘ ਤੋਂ ਇਲਾਵਾ ਵਾਰਡਰ ਨਿਰਮਲ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।

Spread the love