ਚੰਡੀਗੜ੍ਹ: ਸੀਬੀਆਈ ਨੇ ਮਨੀਪੁਰ ਵਿੱਚ ਦੋ ਵਿਦਿਆਰਥੀਆਂ ਦੀ ਹੱਤਿਆ ਦੇ ਮਾਮਲੇ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਚੂਰਾਚੰਦਪੁਰ ਤੋਂ ਫੜਿਆ ਗਿਆ ਸੀ।ਸੀਬੀਆਈ ਸਾਰੇ ਮੁਲਜ਼ਮਾਂ ਨੂੰ ਆਸਾਮ ਦੇ ਗੁਹਾਟੀ ਲੈ ਗਈ ਹੈ। ਇਸ ਦੇ ਨਾਲ ਹੀ ਸੂਬੇ ‘ਚ 6 ਅਕਤੂਬਰ ਤੱਕ ਮੋਬਾਈਲ ਇੰਟਰਨੈੱਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੂਜੇ ਪਾਸੇ ਕੁਕੀ ਸੰਗਠਨਾਂ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ‘ਤੇ 2 ਨਾਬਾਲਗਾਂ ਸਮੇਤ 7 ਲੋਕਾਂ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੇ ਵਿਰੋਧ ਵਿੱਚ ਚੂਰਾਚੰਦਪੁਰ ਜ਼ਿਲ੍ਹੇ ਵਿੱਚ ਅਣਮਿੱਥੇ ਸਮੇਂ ਲਈ ਬੰਦ ਦਾ ਐਲਾਨ ਕੀਤਾ ਗਿਆ ਹੈ।

ਮਣੀਪੁਰ ‘ਚ ਜੁਲਾਈ ‘ਚ 2 ਵਿਦਿਆਰਥੀ ਲਾਪਤਾ ਹੋ ਗਏ ਸਨ। 23 ਸਤੰਬਰ ਨੂੰ ਇੰਟਰਨੈੱਟ ‘ਤੇ ਪਾਬੰਦੀ ਹਟਾਏ ਜਾਣ ਤੋਂ ਬਾਅਦ, ਉਨ੍ਹਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਸੂਬੇ ‘ਚ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। 28 ਸਤੰਬਰ ਨੂੰ ਭੀੜ ਨੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਨਿੱਜੀ ਘਰ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ 27 ਸਤੰਬਰ ਨੂੰ ਥੋਬਲ ਜ਼ਿਲ੍ਹੇ ਵਿੱਚ ਭੀੜ ਨੇ ਭਾਜਪਾ ਦਫ਼ਤਰ ਨੂੰ ਅੱਗ ਲਾ ਦਿੱਤੀ ਸੀ।

Spread the love