ਛੇਤੀ ਹੀ ਡੇਗ ਦਿਆਂਗੇ ਮਾਨ ਸਰਕਾਰ: ਬਾਜਵਾ
ਚੰਡੀਗੜ੍ਹ : 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਆਮ ਆਦਮੀ ਪਾਰਟੀਨਾਲ ਗਠਜੋੜ ਕਰਨਾ ਸੂਬੇ ‘ਚ ਕਾਂਗਰਸ ਲਈ ‘ਡੈੱਥ ਵਾਰੰਟ’ ਉਤੇ ਦਸਤਖਤ ਕਰਨ ਵਾਂਗ ਹੋਵੇਗਾ।’ ਇਹ ਗੱਲ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਹੀ।
ਬਾਜਵਾ ਨੇ ਕਿਹਾ ਕਿ ਅਸੀਂ ਕਾਂਗਰਸ ਨੂੰ ਤਬਾਹ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦਾ ਇਹ ਸਖ਼ਤ ਰੁਖ਼ ਪੰਜਾਬ ਵਿਚ ਵਿਰੋਧੀ ਗਠਜੋੜ ‘ਇੰਡੀਆ’ ਦੇ ਭਾਈਵਾਲਾਂ ਵਿਚਕਾਰ ਕਿਸੇ ਵੀ ਉਮੀਦ ਨੂੰ ਤਬਾਹ ਕਰਦਾ ਨਜ਼ਰ ਆ ਰਿਹਾ ਹੈ। ਦਰਅਸਲ, ਦੋਵਾਂ ਧਿਰਾਂ ਵਿੱਚ ਇੰਨੀ ਕੁੜੱਤਣ ਹੈ ਕਿ ਬਾਜਵਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਛੇਤੀ ਹੀ ‘ਆਪ’ ਸਰਕਾਰ ਨੂੰ ਡੇਗ ਦੇਵੇਗੀ।
ਬਾਜਵਾ ਨੇ ਕਿਹਾ ਕਿ ਜੇਕਰ ਪੰਜਾਬ ‘ਚ ਲੋਕ ਸਭਾ ਚੋਣਾਂ ‘ਚ ਸਾਨੂੰ 10-11 ਸੀਟਾਂ ਮਿਲ ਜਾਂਦੀਆਂ ਹਨ ਤਾਂ ਅਸੀਂ ‘ਆਪ’ ਸਰਕਾਰ ਨੂੰ ਡੇਗ ਸਕਦੇ ਹਾਂ। ਉਨ੍ਹਾਂ ਦੇ ਕਈ ਵਿਧਾਇਕ ਸਾਡੇ ਸੰਪਰਕ ਵਿੱਚ ਹਨ। ਜਦੋਂ ਵੀ ਸਾਨੂੰ ਮੌਕਾ ਮਿਲੇਗਾ, ਅਸੀਂ ਸਰਕਾਰ ਡੇਗ ਦੇਵਾਂਗੇ। ਜੇਕਰ ‘ਆਪ’ ਦੇ ਜ਼ਿਆਦਾਤਰ ਵਿਧਾਇਕ ਆਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਮੈਂ ਕੀ ਕਰ ਸਕਦਾ ਹਾਂ?
ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਡਰੱਗਜ਼ ਦੇ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰੀ ਨੇ ਪੰਜਾਬ ਵਿੱਚ ‘ਆਪ’ ਅਤੇ ਕਾਂਗਰਸ ਇੱਕ ਦੂਜੇ ਦੇ ਖ਼ਿਲਾਫ਼ ਹੋ ਗਈ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਖਹਿਰਾ ਖਿਲਾਫ ਮਾਮਲਾ ਅਕਾਲੀ ਸਰਕਾਰ ਨੇ ਬਦਲੇ ਦੀ ਭਾਵਨਾ ਨਾਲ ਦਰਜ ਕੀਤਾ ਗਿਆ ਹੈ ਕਿਉਂਕਿ ਖਹਿਰਾ ਹਮੇਸ਼ਾ ਉਨ੍ਹਾਂ ਦੀਆਂ ਗਲਤੀਆਂ ਦਾ ਪਰਦਾਫਾਸ਼ ਕਰਦੇ ਰਹੇ ਹਨ। 2017 ‘ਚ ਜਦੋਂ ਕੇਸ ਚੱਲ ਰਿਹਾ ਸੀ ਤਾਂ ਭਗਵੰਤ ਮਾਨ ਨੇ ਖਹਿਰਾ ਨੂੰ ਵਿਧਾਨ ਸਭਾ ਦੀ ਟਿਕਟ ਕਿਉਂ ਦਿੱਤੀ ਤੇ ਉਹ ‘ਆਪ’ ‘ਚ ਚਲੇ ਗਏ? ਉਨਾਂ ਕਿਹਾ ਇੱਕ ਸਾਲ ਬਾਅਦ ਅਰਵਿੰਦ ਕੇਜਰੀਵਾਲ ਨੇ ਖਹਿਰਾ ਨੂੰ ਪੰਜਾਬ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾ ਦਿੱਤਾ। ਮਾਨ ਨੇ ਪਹਿਲਾਂ ਕਿਹਾ ਸੀ ਕਿ ਇਹ ਸਿਆਸੀ ਬਦਲਾਖੋਰੀ ਦਾ ਮਾਮਲਾ ਹੈ। ਇਸ ਤੋਂ ਇਲਾਵਾ ਖਹਿਰਾ ਨੂੰ ਪਹਿਲਾਂ ਹੀ ਸੁਪਰੀਮ ਕੋਰਟ ਤੋਂ ਕਲੀਨ ਚਿੱਟ ਮਿਲ ਚੁੱਕੀ ਹੈ।
ਕਾਂਗਰਸੀ ਆਗੂ ਬਾਜਵਾ ਨੇ ਦਾਅਵਾ ਕੀਤਾ ਕਿ ‘ਆਪ’ ਦਾ ਪੰਜਾਬ ਵਿੱਚ ਕੋਈ ਕਾਡਰ ਨਹੀਂ ਹੈ ਅਤੇ ਇਸ ਲਈ ਉਹ ਕਾਂਗਰਸ ਨੂੰ ਭ੍ਰਿਸ਼ਟ ਪਾਰਟੀ ਵਜੋਂ ਦਿਖਾਉਣਾ ਚਾਹੁੰਦੀ ਹੈ। ਸਾਡੇ ਸਾਬਕਾ ਮੰਤਰੀਆਂ ਨੂੰ ਗ੍ਰਿਫਤਾਰ ਕਰਕੇ ਉਹ ਸਾਡੀ ਲੀਡਰਸ਼ਿਪ ਦਾ ਮਨੋਬਲ ਡੇਗਣਾ ਚਾਹੁੰਦੇ ਹਨ ਅਤੇ ਕਾਂਗਰਸੀ ਵਰਕਰਾਂ ਨੂੰ ‘ਆਪ’ ਵਿੱਚ ਲਿਆਉਣਾ ਚਾਹੁੰਦੇ ਹਨ। ਸਾਨੂੰ ‘ਆਪ’ ਨਾਲ ਗਠਜੋੜ ਨਹੀਂ ਕਰਨਾ ਚਾਹੀਦਾ।
ਲੋਕਾਂ ਨੇ 18 ਮਹੀਨਿਆਂ ‘ਚ ‘ਆਪ’ ਦਾ ਅਸਲੀ ਚਿਹਰਾ ਦੇਖ ਲਿਆ ਹੈ, ਲੋਕ ਨਿਰਾਸ਼ ਹੋ ਕੇ ਕਾਂਗਰਸ ‘ਚ ਵਾਪਸ ਆ ਰਹੇ ਹਨ। ਕਾਂਗਰਸ ਆਪਣੇ ਦਮ ‘ਤੇ 9-10 ਸੀਟਾਂ ਜਿੱਤ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਕਾਂਗਰਸੀ ਵਰਕਰਾਂ, ਇਸ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਵਿਧਾਇਕਾਂ ਨਾਲ ਗੱਲਬਾਤ ਕੀਤੀ ਹੈ। ਇਹ ਸਾਰੇ ‘ਆਪ’ ਨਾਲ ਗਠਜੋੜ ਲਈ ਤਿਆਰ ਨਹੀਂ ਸਨ।