ਬਠਿੰਡਾ ; ਪੰਜਾਬ ਵਿਜੀਲੈਂਸ ਬਿਊਰੋ ਨਾਲ ਲੁਕਣ ਮੀਚੀ ਖੇਡ ਰਹੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਾਕਾਰ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਉਹਨਾਂ ਵੱਲੋਂ ਅਗਾਊਂ ਜ਼ਮਾਨਤ ਦੀ ਲਗਾਈ ਅਰਜ਼ੀ ਵਿੱਚ ਦਿੱਤੀਆਂ ਦਲੀਲਾਂ ਤੋਂ ਹੋਇਆ ਹੈ।

ਬਠਿੰਡਾ ਵਿੱਚ ਮਾਡਲ ਟਾਊਨ ਫੇਜ਼ ਇਕ ਵਿਚ ਪਲਾਟ ਖ਼ਰੀਦਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਨਪ੍ਰੀਤ ਸਿੰਘ ਬਾਦਲ ਨੇ ਇਹ ਸਾਰਾ ਮਾਮਲਾ ਬੀਡੀਏ ਦੇ ਅਧਿਕਾਰੀਆਂ ਉੱਪਰ ਸੁੱਟ ਦਿੱਤਾ ਹੈ।

ਮਨਪ੍ਰੀਤ ਸਿੰਘ ਬਾਦਲ ਵੱਲੋਂ ਲਾਈ ਜ਼ਮਾਨਤ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ ਵਿਚ ਬਿਲਕੁੱਲ ਨਿਰਦੋਸ਼ ਹੈ। ਜੇਕਰ ਪਲਾਟ ਖਰੀਦਣ ਦੇ ਮਾਮਲੇ ਵਿਚ ਨਿਯਮਾਂ ਦਾ ਉਲੰਘਣ ਹੋਇਆ ਹੈ ਤਾਂ ਇਸ ਲਈ ਬੀਡੀਏ ਦੇ ਅਧਿਕਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਉਨ੍ਹਾਂ ਨੇ ਬੀਡੀਏ ਦੇ ਅਧਿਕਾਰੀਆਂ ‘ਤੇ ਕੋਈ ਦਬਾਅ ਨਹੀਂ ਪਾਇਆ।

ਜੇਕਰ ਪਲਾਟਾਂ ਦੀ ਬੋਲੀ ਦੌਰਾਨ ਆਨਲਾਈਨ ਨਕਸ਼ੇ ਅਪਲੋਡ ਨਹੀਂ ਕੀਤੇ ਗਏ ਅਤੇ ਉਕਤ ਪਲਾਟਾਂ ਦੀ ਲੋਕੇਸ਼ਨ ਵੀ ਨਹੀਂ ਪਾਈ ਗਈ ਤਾਂ ਇਸ ਲਈ ਮਨਪ੍ਰੀਤ ਨਹੀਂ ਬੀਡੀਏ ਦੇ ਅਧਿਕਾਰੀ ਜ਼ਿੰਮੇਵਾਰ ਹਨ। ਜ਼ਮਾਨਤ ਅਰਜ਼ੀ ਵਿਚ ਇਹ ਵੀ ਜ਼ਿਕਰ ਕੀਤਾ ਹੈ ਬੀਡੀਏ ਤੋਂ ਪਲਾਟ ਲੈਣ ਵਾਲਿਆਂ ਤੋਂ ਅੱਗੇ ਮਨਪ੍ਰੀਤ ਨੇ ਪਲਾਟਾਂ ਦੀ ਖਰੀਦ ਕੀਤੀ ਹੈ। ਜੇਕਰ ਉਕਤ ਪਲਾਟਾਂ ਦੀ ਅਲਾਟਮੈਂਟ ਵਿਚ ਨਿਯਮਾਂ ਅਤੇ ਸ਼ਰਤਾਂ ਦੀ ਕੋਈ ਉਲੰਘਣਾ ਹੋਈ ਹੈ,

ਜਿਵੇਂ ਕਿ ਸਹੀ ਨੰਬਰਾਂ ਵਾਲੇ ਪਲਾਟਾਂ ਦਾ ਸਹੀ ਨਕਸ਼ਾ ਅਪਲੋਡ ਨਾ ਕਰਨਾ, ਸਫਲ ਬੋਲੀਕਾਰ ਨੂੰ ਘੱਟ ਦਰ ‘ਤੇ ਅਲਾਟਮੈਂਟ ਜਾਂ ਸਫਲ ਬੋਲੀਕਾਰ ਲਈ ਪਿਛਲੀਆਂ ਨਿਲਾਮੀ ਦੀਆਂ ਦਰਾਂ ਦੇ ਅੰਤਰ ’ਤੇ, ਵਪਾਰਕ ਪਲਾਟਾਂ ਨੂੰ ਰਿਹਾਇਸ਼ੀ ਵਿਚ ਤਬਦੀਲ ਕਰਨ ਦੀ ਕਾਰਵਾਈ ਬੀਡੀਏ ਦੇ ਅਧਿਕਾਰੀਆਂ ਨੇ ਕੀਤੀ ਹੈ।

ਪਲਾਟ ਖਰੀਦ ਮਾਮਲੇ ਵਿੱਚ ਵਿਜੀਲੈਂਸ ਨੇ 24 ਸਤੰਬਰ ਨੂੰ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਪਰਚਾ ਦਰਜ ਕੀਤਾ ਸੀ। ਪਰ ਹਾਲੇ ਤੱਕ ਵਿਜੀਲੈਂਸ ਉਹਨਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਪਾਈ। ਮਨਪ੍ਰੀਤ ਸਿੰਘ ਬਾਦਲ ਦੀ ਭਾਲ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਪੰਜਾਬ ਸਮੇਤ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਉੱਤਰਾਖੰਡ ਤੱਕ ਛਾਪੇਮਾਰੀ ਕੀਤੀ ਹੈ।

Spread the love