ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਦਿੱਤੀ ਜਾਵੇਗੀ ਸਰਕਾਰੀ ਨੌਕਰੀ-ਮੀਤ ਹੇਅਰ

ਫਰੀਦਕੋਟ 7 ਅਕਤੂਬਰ 2023 : ਜਲ ਸਰੋਤ, ਖਣਨ ਤੇ ਭੂ- ਵਿਗਿਆਨ, ਸਾਇੰਸ ਤਕਨਾਲੋਜੀ ਤੇ ਵਾਤਾਵਰਣ, ਖੇਡਾਂ ਅਤੇ ਯੂਵਕ ਸੇਵਾਵਾਂ, ਭੂਮੀ ਅਤੇ ਜਲ ਸੰਭਾਲ, ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਉਚੇਚੇ ਤੌਰ ਤੇ ਏਸ਼ੀਅਨ ਗੋਲਡ ਮੈਡਲਿਸਟ ਸਿਫਤ ਕੌਰ ਸਮਰਾ ਦੇ ਗ੍ਰਹਿ ਵਿਖੇ ਉਨ੍ਹਾਂ ਨੂੰ ਮਿਲਣ ਅਤੇ ਵਧਾਈ ਦੇਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਫਿਰੋਜਪੁਰ ਸ. ਰਣਬੀਰ ਸਿੰਘ ਭੁੱਲਰ ਵੀ ਵਿਸ਼ੇਸ਼ ਤੌਰ ਹਾਜ਼ਰ ਸਨ।

ਕੈਬਨਿਟ ਮੰਤਰੀ ਸ. ਮੀਤ ਹੇਅਰ ਨੇ ਜਿੱਥੇ ਸਿਫਤ ਕੌਰ ਸਮਰਾ ਨਾਲ ਗੱਲਬਾਤ ਕੀਤੀ, ਉੱਥੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿਫਤ ਦੀ ਸਫਲਤਾ ਪਿੱਛੇ ਉਸ ਦੀ ਆਪਣੀ ਮਿਹਨਤ ਦੇ ਨਾਲ ਨਾਲ ਉਸ ਦੇ ਮਾਤਾ ਪਿਤਾ ਦਾ ਵਿਸ਼ੇਸ਼ ਯੋਗਦਾਨ ਹੈ।

ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਫਰੀਦਕੋਟ ਲਈ ਮਾਣ ਵਾਲੀ ਗੱਲ ਤਾਂ ਹੈ, ਪਰ ਇਹ ਪੂਰੇ ਭਾਰਤੀਆਂ ਅਤੇ ਦੇਸ਼ ਦੇ ਹਰ ਹਿੱਸੇ ਵਿੱਚ ਵੱਸਦੇ ਪੰਜਾਬੀਆਂ ਲਈ ਵੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਧੀ ਸਿਫਤ ਕੌਰ ਸਮਰਾ ਨੇ ਏਸ਼ੀਅਨ ਗੇਮਜ਼ ਵਿੱਚ ਮੈਡਲ ਜਿੱਤਣ ਦੇ ਨਾਲ ਨਾਲ ਵਰਲਡ ਰਿਕਾਰਡ ਵੀ ਸਥਾਪਿਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਉਨ੍ਹਾਂ ਦੇ ਹੱਥ ਸਿਫਤ ਕੌਰ ਸਮਰਾ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਿਸ਼ੇਸ਼ ਵਧਾਈ ਭੇਜੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਏਸ਼ੀਅਨ ਖੇਡਾਂ ਵਿੱਚ ਖੇਡਣ ਲਈ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਤਿਆਰੀ ਲਈ 8-8 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਦੀ ਤਿਆਰੀ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਾ ਰਹਿ ਜਾਵੇ।

ਉਨ੍ਹਾਂ ਉਮੀਦ ਜਤਾਈ ਕਿ ਸਿਫਤ ਕੌਰ ਸਮਰਾ ਆਉਣ ਵਾਲੀਆਂ ਉਲੰਪਿਕ ਗੇਮਜ਼ ਵਿੱਚੋਂ ਵੀ ਗੋਲਡ ਮੈਡਲ ਹਾਸਲ ਕਰੇਗੀ।

Spread the love